ਬਟਾਲਾ, 2 ਜੂਨ (ਸਤਿੰਦਰ ਸਿੰਘ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸੀਨੀਅਰ ਕਾਂਗਰਸੀ ਆਗੂ, ਪੰਜਾਬ ਐੱਸ.ਸੀ. ਵਿੰਗ ਦੇ ਉਪ ਚੇਅਰਮੈਨ ਤੇ ਕਿਸਾਨ ਵਿੰਗ ਦੇ ਜਨਰਲ ਸਕੱਤਰ ਹਰਵਿੰਦਰਪਾਲ ਸਿੰਘ ਸ਼ਾਹਬਾਦ ਨੂੰ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਸੌਪੀ ਹੈ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਇਸ ਜ਼ਿੰਮੇਵਾਰੀ ਨੂੰ ਬਾਖ਼ੂਬੀ ਤਰੀਕੇ ਨਾਲ ਨਿਭਾਇਆ ਜਾ ਰਿਹਾ ਹੈ | ਕਾਂਗਰਸ ਪਾਰਟੀ ਵਲੋਂ ਲਗਾਈ ਡਿਊਟੀ ਅਨੁਸਾਰ ਐੱਸ.ਸੀ. ਵਿੰਗ ਨੂੰ ਹੋਰ ਵੀ ਮਜ਼ਬੂਤ ਕਰਨ ਲਈ ਵੱਖ-ਵੱਖ ਜ਼ਿਲਿ੍ਹਆਂ ਦੇ ਬਲਾਕ ਪ੍ਰਧਾਨਾਂ ਦੀ ਚੋਣ ਕਰਨ ਲਈ ਜਲੰਧਰ ਵਿਖੇ ਜਲੰਧਰ ਸ਼ਹਿਰੀ ਅਤੇ ਜਲੰਧਰ ਰੂਲਰ ਤੋਂ ਇਲਾਵਾ ਨਵਾਂ ਸ਼ਹਿਰ ਦੇ ਬਲਾਕ ਪ੍ਰਧਾਨਗੀ ਦੇ ਉਮੀਦਵਾਰਾਂ ਦੀ ਚੋਣ ਲਈ ਇੰਟਰਵਿਊ ਲਈ ਗਈ | ਇਸ ਮੌਕੇ ਯਾਮਿਨੀ ਗੋਮਰ ਵਰਕਿੰਗ ਚੇਅਰਮੈਨ ਦੁਆਬਾ ਜ਼ੋਨ ਐੱਸ.ਸੀ. ਵਿੰਗ, ਹਰਵਿੰਦਰਪਾਲ ਸਿੰਘ ਸ਼ਾਹਬਾਦ ਉਪ ਚੇਅਰਮੈਨ, ਦਵਿੰਦਰਪਾਲ ਸਿੰਘ ਸੈਕਟਰੀ, ਸੋਡੀ ਰਾਮ ਜਨਰਲ ਸਕੱਤਰ ਅਨਿਲ ਉਪ ਪ੍ਰਧਾਨ ਜਲੰਧਰ ਸ਼ਹਿਰੀ, ਅਰਵਿੰਦ ਉਪ ਪ੍ਰਧਾਨ ਰੂਰਲ ਜਲੰਧਰ ਅਤੇ ਕਮਲਾ ਦੇਵੀ ਉਪ ਪ੍ਰਧਾਨ ਨਵਾਂ ਸ਼ਹਿਰ ਮੌਜ਼ੂਦ ਰਹੇ | ਇਸ ਮੌਕੇ ਹਰਵਿੰਦਰਪਾਲ ਸਿੰਘ ਸ਼ਾਹਬਾਦ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਪੂਰੇ ਪੰਜਾਬ ਵਿਚ ਐੱਸ.ਸੀ. ਵਿੰਗ ਦੇ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਕਰਨ ਲਈ ਇੰਟਰਵਿਊ ਕੀਤੀ ਜਾਵੇਗੀ, ਜਿਸ ਤੋਂ ਬਾਅਦ ਬਲਾਕ ਪ੍ਰਧਾਨਾਂ ਦੀ ਸੂਚੀ ਜਾਰੀ ਕਰਕੇ ਆਉਣ ਵਾਲੇ ਦਿਨਾਂ 'ਚ ਹੇਠਲੇ ਪੱਧਰ 'ਤੇ ਢਾਂਚੇ ਦਾ ਐਲਾਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪਾਰਟੀ ਦੇ ਜੁਝਾਰੂ ਵਰਕਰਾਂ ਨੂੰ ਹੋਰ ਵੀ ਤਗੜਿਆਂ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਵੀ ਤੇਜ਼ ਕੀਤਾ ਜਾਵੇਗਾ ਤਾਂ ਜੋ ਵਰਕਰਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾ ਕੇ ਪਾਰਟੀ ਦੀਆਂ ਨੀਤੀਆਂ ਘਰ-ਘਰ ਪਹੁੰਚਾਈਆਂ ਜਾ ਸਕੇ | ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋਵੇਗੀ ਤੇ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ | ਇਸ ਮੌਕੇ ਵੱਖ-ਵੱਖ ਮਸਲਿਆਂ 'ਤੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਤੇ ਐੱਸ.ਸੀ. ਵਿੰਗ ਨੂੰ ਹੋਰ ਮਜ਼ਬੂਤੀ ਵੱਲ ਖੜ੍ਹਨ ਲਈ ਵਰਕਰਾਂ ਦੇ ਵਿਚਾਰ ਵੀ ਲਏ ਗਏ |