01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਭਾਜਪਾ ਦੀਆਂ ਨੀਤੀਗਤ ਨਾਕਾਮੀਆਂ ਦਾ ਬੋਝ ਹਰ ਭਾਰਤੀ 'ਤੇ ਪੈ ਰਿਹਾ- ਅਮਿਤ ਵਿੱਜ

ਅਜੀਤ ਡੈਸਕ 05-04-2026
ਅਮਿਤ ਵਿੱਜ


ਪਠਾਨਕੋਟ, 4 ਅਪ੍ਰੈਲ (ਸੰਧੂ)- ਅਮਿਤ ਵਿੱਜ ਸਾਬਕਾ ਵਿਧਾਇਕ ਪਠਾਨਕੋਟ ਅਤੇ ਪੰਜਾਬ ਕਾਂਗਰਸ ਦੇ ਖ਼ਜ਼ਾਨਚੀ ਨੇ ਕਿਹਾ ਕਿ ਭਾਰਤ ਅੱਜ ਭਾਜਪਾ ਸਰਕਾਰ ਦੀਆਂ ਨਾਕਾਮ ਵਿਦੇਸ਼ੀ ਤੇ ਆਰਥਿਕ ਨੀਤੀਆਂ ਕਾਰਨ ਗੰਭੀਰ ਆਰਥਿਕ ਤੇ ਊਰਜਾ ਸੰਕਟ ਵੱਲ ਵੱਧ ਰਿਹਾ ਹੈ | ਅਮਿਤ ਵਿੱਜ ਨੇ ਕਿਹਾ ਕਿ ਭਾਰਤੀ ਰੁਪਇਆ ਲਗਾਤਾਰ ਕਮਜ਼ੋਰ ਹੋ ਰਿਹਾ ਹੈ ਅਤੇ ਹੁਣ ਡਾਲਰ ਦੇ ਮੁਕਾਬਲੇ 100 ਦੇ ਨੇੜੇ ਪਹੁੰਚ ਗਿਆ ਹੈ, ਜੋ ਅਰਥਵਿਵਸਥਾ ਦੀ ਗਹਿਰੀ ਕਮਜ਼ੋਰੀ ਨੂੰ ਦਰਸਾਉਂਦਾ ਹੈ | ਉਨ੍ਹਾਂ ਕਿਹਾ ਕਿ ਇਹ ਸਿਰਫ਼ ਗਲੋਬਲ ਕਾਰਨਾਂ ਕਰਕੇ ਨਹੀਂ, ਸਗੋਂ ਗ਼ਲਤ ਨੀਤੀਗਤ ਫ਼ੈਸਲਿਆਂ ਦਾ ਨਤੀਜਾ ਹੈ | ਅਮਿਤ ਵਿੱਜ ਨੇ ਕਿਹਾ ਕਿ ਭਾਰਤ ਦਾ ਕੁੱਲ ਸਾਲਾਨਾ ਆਯਾਤ ਬਿੱਲ ਜਿਸ ਵਿਚ ਤੇਲ, ਗੈਸ, ਖਾਦ, ਇਲੈਕਟ੍ਰਾਨਿਕਸ, ਮਸ਼ੀਨਰੀ, ਖਾਦ ਤੇਲ ਤੇ ਕੈਮੀਕਲ ਸ਼ਾਮਿਲ ਹਨ, ਲਗਪਗ 62-66 ਲੱਖ ਕਰੋੜ ਰੁਪਏ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਵਿਚ ਸਿਰਫ਼ ਤੇਲ, ਗੈਸ ਤੇ ਖਾਦ ਦਾ ਆਯਾਤ ਹੀ ਲਗਪਗ 17-19 ਲੱਖ ਕਰੋੜ ਰੁਪਏ ਹੈ ਜਦਕਿ ਹੋਰ ਆਯਾਤ ਵੱਖਰੇ ਹਨ | ਉਨ੍ਹਾਂ ਕਿਹਾ ਕਿ 2014 ਵਿਚ ਜਿੱਥੇ ਰੁਪਇਆ ਲਗਪਗ 60 ਰੁਪਏ ਸੀ ਉੱਥੇ ਹੁਣ ਇਹ 95 ਰੁਪਏ ਦੇ ਨੇੜੇ ਪਹੁੰਚ ਗਿਆ ਹੈ ਜਿਸ ਨਾਲ ਆਯਾਤ ਮਹਿੰਗੇ ਹੋਣ ਕਾਰਨ ਦੇਸ਼ 'ਤੇ ਹਰ ਸਾਲ ਲਗਪਗ 22-24 ਲੱਖ ਕਰੋੜ ਰੁਪਏ ਦਾ ਵਾਧੂ ਬੋਝ ਪੈ ਰਿਹਾ ਹੈ | ਅਮਿਤ ਵਿੱਜ ਨੇ ਕਿਹਾ ਕਿ ਭਾਰਤ ਦਾ ਕੁੱਲ ਬਾਹਰੀ ਕਰਜ਼ਾ ਲਗਪਗ 736 ਅਰਬ ਡਾਲਰ ਹੈ ਜਿਸ ਵਿਚੋਂ ਲਗਪਗ 35 ਫੀਸਦੀ ਹੀ ਡਾਲਰ ਵਿਚ ਹੈ | ਰੁਪਏ ਦੇ 60 ਤੋਂ 95 ਰੁਪਏ ਤੱਕ ਕਮਜ਼ੋਰ ਹੋਣ ਕਾਰਨ ਸਿਰਫ਼ ਇਸ ਡਾਲਰ-ਆਧਾਰਿਤ ਕਰਜ਼ੇ 'ਤੇ ਹੀ ਦੇਸ਼ ਨੂੰ ਹਰ ਸਾਲ ਲਗਪਗ 80-85 ਹਜ਼ਾਰ ਕਰੋੜ ਦਾ ਵਾਧੂ ਬੋਝ ਝੱਲਣਾ ਪੈ ਰਿਹਾ ਹੈ ਜਿਸ ਵਿਚੋਂ ਲਗਪਗ 35-40 ਹਜ਼ਾਰ ਕਰੋੜ ਸਿਰਫ਼ ਵਿਆਜ ਦਾ ਹੈ | ਉਨ੍ਹਾਂ ਕਿਹਾ ਕਿ ਜੇ ਤੁਰੰਤ ਸੁਧਾਰਾਤਮਿਕ ਕਦਮ ਨਾ ਚੁੱਕੇ ਗਏ ਤਾਂ ਇਹ ਸੰਕਟ ਹੋਰ ਗਹਿਰਾ ਹੋਵੇਗਾ | ਅਮਿਤ ਵਿੱਜ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਸੰਤੁਲਿਤ ਨੀਤੀਆਂ ਅਪਣਾਏ ਅਤੇ ਰਾਸ਼ਟਰੀ ਹਿਤ ਨੂੰ ਸਭ ਤੋਂ ਉੱਪਰ ਰੱਖੇ |

ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗਿ੍ਫਤਾਰ ਅਗਲੀ ਖ਼ਬਰ ਮਹਾਜਨ ਯੁਵਾ ਵਿੰਗ ਨੇ ਕੀਤੀਆਂ ਨਵੀਆਂ ਨਿਯੁਕਤੀਆਂ, ਅਤੀਤ ਮਹਾਜਨ ਜ਼ਿਲ੍ਹਾ ਪੀ.ਆਰ.ਓ. ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।