ਕਾਹਨੂੰਵਾਨ, 31 ਮਾਰਚ (ਨਿਸ਼ਾਨ ਸਿੰਘ ਚਾਹਲ)-ਪੰਜਾਬ ਸਰਕਾਰ ਵਲੋਂ ਕਣਕ ਦੀ ਸਰਕਾਰੀ ਖਰੀਦ ਅੱਜ ਇਕ ਅਪ੍ਰੈਲ ਤੋਂ ਸ਼ੁਰੂ ਕਰਨ ਦੇ ਦਾਅਵਿਆਂ ਦੇ ਉਲਟ ਇਸ ਹਲਕੇ ਦੀ ਕਿਸੇ ਵੀ ਦਾਣਾ ਮੰਡੀ ਵਿਖੇ ਸਰਕਾਰੀ ਖਰੀਦ ਪ੍ਰਬੰਧ ਨਹੀਂ ਦਿਸੇ, ਸਗੋਂ ਬਹੁਤ ਸਾਰੀਆਂ ਦਾਣਾ ਮੰਡੀਆਂ ਦੇ ਫੜ੍ਹਾਂ ਵਿਚ ਘਾਹ-ਫੂਸ ਉਗਿਆ ਹੋਇਆ ਸੀ ਅਤੇ ਪਸ਼ੂਆਂ ਦਾ ਗੋਹਾ ਖਿੱਲਰਿਆ ਹੋਇਆ ਸੀ | ਹਾਲਾਂਕਿ ਸਵੇਰ ਅਤੇ ਸ਼ਾਮ ਦੇ ਵੇਲੇ ਮੌਸਮ ਠੰਡਾ ਰਹਿਣ ਕਾਰਨ ਕਣਕ ਦੀ ਵਾਢੀ ਵਿਸਾਖੀ ਤੋਂ ਬਾਅਦ ਸ਼ੁਰੂ ਹੋਣ ਦੀ ਸੰਭਾਵਨਾ ਹੈ, ਪਰ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਕਰਨ ਲਈ ਦਾਣਾ ਮੰਡੀਆਂ ਵਿਚ ਸਾਰੇ ਖਰੀਦ ਪ੍ਰਬੰਧ ਮੁਕੰਮਲ ਕਰਨ ਦੇ ਸਰਕਾਰੀ ਦਾਅਵੇ ਦੇ ਉਲਟ ਮਾਰਕੀਟ ਕਮੇਟੀ ਕਾਹਨੂੰਵਾਨ ਦੇ ਅਧੀਨ ਪੈਂਦੇ ਵੱਖ-ਵੱਖ ਖਰੀਦ ਕੇਂਦਰਾਂ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਗਿਆ ਤਾਂ ਕਿਸੇ ਵੀ ਖਰੀਦ ਕੇਂਦਰ ਅੰਦਰ ਕਿਸਾਨਾਂ ਦੇ ਪੀਣ ਲਈ ਸਾਫ਼ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ ਅਤੇ ਨਾ ਹੀ ਕਿਸਾਨਾਂ ਦੇ ਬੈਠਣ ਲਈ ਕੋਈ ਛਾਂ ਦਾ ਪ੍ਰਬੰਧ ਕੀਤਾ ਗਿਆ ਸੀ | ਇਥੋਂ ਤੱਕ ਕਿ ਕਿਸੇ ਵੀ ਖਰੀਦ ਕੇਂਦਰ ਅੰਦਰ ਹਲੇ ਤੱਕ ਰੌਸ਼ਨੀ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ | ਸਰਕਾਰੀ ਖਰੀਦ ਪ੍ਰਬੰਧਾਂ ਬਾਰੇ ਜਦੋਂ ਮਾਰਕੀਟ ਕਮੇਟੀ ਕਾਹਨੂੰਵਾਨ ਦੇ ਚੇਅਰਮੈਨ ਡਾ. ਜਸਪਾਲ ਸਿੰਘ ਭੰਧੇਰ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਾਰਕੀਟ ਕਮੇਟੀ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਕੇ ਸਾਰੇ ਖਰੀਦ ਪ੍ਰਬੰਧ ਮੁਕੰਮਲ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ | ਬਹੁਤ ਜਲਦ ਸਾਰੇ ਖਰੀਦ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ |