ਧਾਰੀਵਾਲ, 31 ਮਾਰਚ (ਜੇਮਸ ਨਾਹਰ)-ਪਰਮ ਪਿਤਾ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਜੀ ਦੇ ਸਲੀਬ 'ਤੇ ਚੜਾਏ ਜਾਣ ਦੇ ਦਿਨ ਗੁਡ ਫਰਾਈਡੇ ਨੂੰ ਸਮਰਪਿਤ ਦੁੱਖ ਭੋਗ ਯਾਤਰਾ ਸੰਤ ਜੋਸਫ਼ ਕੈਥੋਲਿਕ ਚਰਚ ਡਡਵਾਂ ਤੋਂ 3 ਅਪ੍ਰੈਲ ਨੂੰ ਸਵੇਰੇ 10 ਵੱਜੇ ਕੱਢੀ ਜਾਵੇਗੀ | ਪ੍ਰਭੂ ਯਿਸੂ ਮਸੀਹ ਜੀ ਦੇ ਸਲੀਬ 'ਤੇ ਚਾੜੇ ਜਾਣ ਦੌਰਾਨ ਪ੍ਰਭੂ ਯਿਸੂ ਮਸੀਹ ਜੀ ਨੂੰ ਜਿਹੜੀਆਂ 14 ਦੁੱਖਾਂ ਦੀਆਂ ਘੜੀਆਂ ਵਿਚੋਂ ਲੰਘਣਾ ਪਿਆ ਸੀ, ਉਨ੍ਹਾਂ ਦੁੱਖਾਂ ਦੀਆਂ ਘੜੀਆਂ ਨੂੰ ਲਾਈਵ ਇਸ ਦੁੱਖ ਭੋਗ ਯਾਤਰਾ ਵਿਚ ਦਰਸਾਇਆ ਜਾਵੇਗਾ | ਇਹ ਜਾਣਕਾਰੀ ਸੰਤਨੀ ਤਰੇਜ਼ਾ ਕੈਥੋਲਿਕ ਚਰਚ ਧਾਰੀਵਾਲ ਸੋਹਲ ਦੇ ਪੈਰਿਸ ਪ੍ਰੀਸਟ ਤੇ ਡੀਨ ਰੈਵ: ਫਾਦਰ ਜੋਸ਼ ਪਡਿਆਟੀ ਨੇ ਸਾਂਝੀ ਕਰਦੇ ਹੋਏ ਦੱਸਿਆ ਕਿ ਇਹ ਦੁੱਖ ਭੋਗ ਯਾਤਰਾ ਸੰਤ ਜੋਸਫ ਚਰਚ ਡਡਵਾਂ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਸੋਹਲ ਵਿਖੇ ਸਮਾਪਤ ਹੋਵੇਗੀ, ਜਿੱਥੇ ਉਨ੍ਹਾਂ ਵਲੋਂ ਦੇਸ਼ ਦੁਨੀਆਂ ਅਤੇ ਸੂਬੇ ਪੰਜਾਬ ਦੀ ਅਮਨ-ਸ਼ਾਂਤੀ ਤਰੱਕੀ ਅਤੇ ਖੁਸ਼ਹਾਲੀ ਲਈ ਪ੍ਰਭੂ ਯਿਸੂ ਮਸੀਹ ਜੀ ਦੇ ਅੱਗੇ ਪ੍ਰਾਰਥਨਾ ਕੀਤੀ ਜਾਵੇਗੀ ਤੇ ਸੰਗਤਾਂ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਦਰਸਾਏ ਮਾਰਗਾਂ 'ਤੇ ਚੱਲਣ ਦੀ ਤਾਕੀਦ ਕੀਤੀ ਜਾਵੇਗੀ |