ਧਾਰੀਵਾਲ, 29 ਮਾਰਚ (ਸਵਰਨ ਸਿੰਘ)- ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਵਿਚ ਸ਼ਾਮਿਲ ਜਥੇਬੰਦੀਆਂ ਦੀ ਮੀਟਿੰਗ ਰਜਿੰਦਰ ਸਿੰਘ ਜਫਰਵਾਲ ਦੇ ਗ੍ਰਹਿ ਵਿਖੇ ਹੋਈ | ਮੀਟਿੰਗ ਵਿਚ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ, ਪਗੜੀ ਸੰਭਾਲ ਲਹਿਰ ਦੇ ਪ੍ਰਧਾਨ ਸਤਨਾਮ ਸਿੰਘ ਬਾਗੜੀਆਂ, ਭਾਰਤੀ ਕਿਸਾਨ ਯੂਨੀਅਨ ਮਾਝਾ ਦੇ ਪ੍ਰਧਾਨ ਬਾਬਾ ਕਵਲਜੀਤ ਸਿੰਘ ਪੰਡੋਰੀ, ਬੀ.ਕੇ.ਯੂ. ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਲਾਬ ਸਿੰਘ ਚੰਦੂ ਮਾਝਾ, ਲੋਕ ਇਨਸਾਫ਼ ਮੋਰਚੇ ਤੋਂ ਸੋਨੂੰ ਔਲਖ ਤੇ ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਬਾਬਾ ਕਰਮਜੀਤ ਸਿੰਘ ਨੰਗਲੀ ਸ਼ਾਮਿਲ ਹੋਏ | ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਨਿਲਾਮੀਆਂ ਰੋਕਣ ਲਈ 30 ਮਾਰਚ ਨੂੰ ਪ੍ਰਾਇਮਰੀ ਖੇਤੀਬਾੜੀ ਵਿਕਾਸ ਬੈਂਕ ਗੁਰਦਾਸਪੁਰ ਦੇ ਸਾਹਮਣੇ ਧਰਨਾ ਲਗਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਣ ਸੰਬੰਧੀ ਤੇ 2 ਅਪ੍ਰੈਲ ਨੂੰ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਰੱਦ ਕਰਵਾਉਣ, ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਫ਼ਸਲਾਂ ਦੇ ਭਾਅ ਲੈਣ ਤੇ ਮੋਰਚੇ ਦੀਆਂ ਸਾਰੀਆਂ ਮੰਗਾਂ ਤੇ ਜ਼ਿਲਿ੍ਹਆਂ ਦੀਆਂ ਸਥਾਨਕ ਮੰਗਾਂ ਦੀ ਪੂਰਤੀ ਲਈ ਡਿਪਟੀ ਕਮਿਸ਼ਨਰ ਦਫ਼ਤਰ ਗੁਰਦਾਸਪੁਰ ਵਿਖੇ ਧਰਨਾ ਦੇ ਕੇ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਸੌਂਪੇ ਜਾਣ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਸਬੰਧੀ ਆਗੂਆਂ ਤੇ ਜ਼ਿਲ੍ਹਾ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ | ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਖੇਤੀ ਵਿਕਾਸ ਬੈਂਕਾਂ ਦੇ ਡਿਫਾਲਟਰ ਕਿਸਾਨਾਂ ਦੀਆਂ ਜ਼ਮੀਨਾਂ ਨਿਲਾਮ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ, ਜਿਸ ਤੋਂ ਪ੍ਰੇਸ਼ਾਨ ਹੋ ਕੇ ਫਰੀਦਕੋਟ ਜ਼ਿਲ੍ਹੇ ਦੇ 2 ਸਕੇ ਭਰਾਵਾਂ ਨੇ ਖੁਦਕੁਸ਼ੀ ਕਰ ਲਈ ਹੈ | ਉਨ੍ਹਾਂ ਕਿਹਾ ਕਿ 30 ਮਾਰਚ ਨੂੰ ਸੰਯੂਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਦੀਆਂ ਸਾਰੀਆਂ ਜਥੇਬੰਦੀਆਂ ਦੇ ਕਿਸਾਨ ਗੁਰਦੁਆਰਾ ਬਾਬਾ ਟਹਿਲ ਸਿੰਘ ਵਿਖੇ ਇਕੱਤਰ ਹੋ ਕੇ ਪੈਦਲ ਮਾਰਚ ਕਰਦੇ ਹੋਏ ਲੈਂਡ ਮਾਰਟਗੇਜ ਬੈਂਕ ਦੇ ਸਾਹਮਣੇ ਧਰਨਾ ਦੇਣਗੇ | ਉਪਰੰਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਜਾਵੇਗਾ | 2 ਅਪ੍ਰੈਲ ਦੇ ਧਰਨੇ ਦਾ ਪ੍ਰੋਗਰਾਮ ਆਉਣ ਵਾਲੇ ਦਿਨਾਂ 'ਚ ਦੱਸਿਆ ਜਾਵੇਗਾ | ਇਸ ਮੌਕੇ ਹਰਪਾਲ ਸਿੰਘ ਡੇਹਰੀਵਾਲ, ਦਲਜੀਤ ਸਿੰਘ ਸਿੱਧਵਾਂ, ਬਲਵਿੰਦਰ ਸਿੰਘ ਸਿੱਧੂ, ਮਲਕੀਤ ਸਿੰਘ, ਡਾ. ਜਸਵੰਤ ਸਿੰਘ, ਜਸਬੀਰ ਸਿੰਘ ਸਾਹ, ਬਲਵਿੰਦਰ ਸਿੰਘ ਚਾਹਲ, ਦਿਆਲ ਸਿੰਘ, ਨਿਹਾਲ ਸਿੰਘ, ਕਵਲਜੀਤ ਸਿੰਘ ਬਿਧੀਪੁਰ, ਤਰਲੋਕ ਸਿੰਘ ਜੱਫਰਵਾਲ ਤੇ ਸਤਨਾਮ ਸਿੰਘ ਸ਼ਾਮਿਲ ਰਹੇ |