ਗੁਰਦਾਸਪੁਰ, 29 ਮਾਰਚ (ਅਸ਼ੋਕ ਸ਼ਰਮਾ)- ਗੁਰਦਾਸਪੁਰ ਦੇ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਦਿਹਾਤੀ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੋਈ ਪਈ ਹੈ ਤੇ ਲੋਕਾਂ ਦਾ ਲੰਘਣ ਸਮੇਂ ਜਨਜੀਵਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ | ਹੁਣ ਲੋਕ ਪੰਜਾਬ ਸਰਕਾਰ ਨੰੂ ਦੋਸ਼ ਦੇ ਰਹੇ ਹਨ ਤੇ ਕਹਿ ਰਹੇ ਹਨ ਕਿ ਆਪਣੇ ਚਾਰ ਸਾਲ ਦੇ ਕਾਰਜ ਦੌਰਾਨ ਪੰਜਾਬ ਸਰਕਾਰ ਸੜਕਾਂ ਦੀ ਮੁਰੰਮਤ ਨਹੀਂ ਕਰਵਾ ਸਕੀ ਜਿਸ ਨਾਲ ਲੋਕਾਂ ਦਾ ਪੰਜਾਬ ਸਰਕਾਰ ਤੋਂ ਮੋਹ ਭੰਗ ਹੋ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਆਗੂ ਗੁਰਮੀਤ ਸਿੰਘ ਪਾਹੜਾ ਤੇ ਡਾ: ਮਨਮੋਹਨ ਸਿੰਘ ਭਾਗੋਵਾਲੀਆ ਨੇ ਸਾਂਝੇ ਤੌਰ 'ਤੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸ਼ਹਿਰ ਗੁਰਦਾਸਪੁਰ ਦੇ ਨੇੜੇ ਤੇੜੇ ਮੁੱਖ ਸੜਕਾਂ ਨੰੂ ਮਹਿਕਮਾ ਲੋਕ ਨਿਰਮਾਣ ਵਿਭਾਗ ਦੇ ਠੇਕੇਦਾਰਾਂ ਨੇ ਉਖੇੜ ਕੇ ਰੱਖ ਦਿੱਤਾ ਹੈ ਤੇ ਲੋਕ ਜਦੋਂ ਇਨ੍ਹਾਂ ਸੜਕਾਂ ਤੋਂ ਗੁਜ਼ਰਦੇ ਹਨ ਤਾਂ ਸਰਕਾਰ ਨੰੂ ਬਿਲਕੁਲ ਮੁਆਫ਼ ਨਹੀਂ ਕਰਦੇ | ਉਨ੍ਹਾਂ ਦੱਸਿਆ ਕਿ ਮਾਨ ਕੌਰ ਤੋਂ ਸਬਜ਼ੀ ਮੰਡੀ ਗੁਰਦਾਸਪੁਰ, ਮੀਰਪੁਰ ਤੋਂ ਬਰਨਾਲਾ, ਜੇਲ੍ਹ ਰੋਡ ਤੋਂ ਅੱਬਲਖੈਰ, ਬਰਿਆਰ, ਲਖਣਪਾਲ ਤੋਂ ਧਾਰੀਵਾਲ ਖਿੱਚੀਆਂ, ਨੌਸ਼ਹਿਰਾ ਬਹਾਦਰ ਤੋਂ ਗੁਰਦੁਆਰਾ ਸਾਹਿਬ ਬੀਬੀ ਸੁੰਦਰੀ ਤੋਂ ਇਲਾਵਾ ਹੋਰ ਅਨੇਕਾਂ ਸੜਕਾਂ ਜਿੱਥੇ ਮਹਿਕਮੇ ਨੇ ਇੰਟਰਲਾਕ ਲਗਾ ਕੇ ਸੜਕਾਂ ਨੰੂ ਉੱਚਾ ਕੀਤਾ ਸੀ, ਉਹ ਟਾਇਲ ਵੀ ਹੇਠਾਂ ਬੈਠ ਗਈ ਹੈ ਅਤੇ ਥੋੜ੍ਹਾ ਅਜਿਹਾ ਮੀਂਹ ਪੈਂਦਾ ਹੈ ਤਾਂ ਟੋਇਆਂ ਵਿਚ ਪਾਣੀ ਜਮ੍ਹਾਂ ਹੋ ਜਾਂਦਾ ਹੈ | ਇੱਥੇ ਤੱਕ ਜਿਹੜੇ ਵਾਹਨ ਇਨ੍ਹਾਂ ਸੜਕਾਂ ਤੋਂ ਗੁਜ਼ਰਦੇ ਹਨ, ਉਹ ਵੀ ਆਪਣਾ ਭਾਰੀ ਨੁਕਸਾਨ ਕਰਵਾ ਰਹੇ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਬਾਰੇ ਕਈ ਖ਼ਬਰਾਂ ਅਖਬਾਰਾਂ ਵਿਚ ਪ੍ਰਕਾਸ਼ਿਤ ਹੁੰਦੀਆਂ ਹਨ ਤੇ ਮਹਿਕਮੇ ਤੇ ਸਰਕਾਰ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਦਾਇਤਾਂ ਕਰਕੇ ਗੁਰਦਾਸਪੁਰ ਦੇ ਸਰਹੱਦੀ ਤੇ ਬੇਟ ਖੇਤਰ ਤੇ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਮੁਰੰਮਤ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੰੂ ਸਖਤ ਨਿਰਦੇਸ਼ ਜਾਰੀ ਕੀਤੇ ਜਾਣ ਜਿਸ ਨਾਲ ਲੋਕਾਂ ਨੰੂ ਸੜਕਾਂ ਦੀ ਆਵਾਜਾਈ ਤੋਂ ਰਾਹਤ ਮਿਲ ਸਕੇ |