ਬਟਾਲਾ, 25 ਮਾਰਚ (ਸਤਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ, ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸਰਪ੍ਰਸਤ ਅਤੇ ਪੰਥਕ ਆਗੂ ਸ: ਕਰਨੈਲ ਸਿੰਘ ਪੀਰ ਮੁਹੰਮਦ ਨੇ ਸੁਪਰੀਮ ਕੋਰਟ ਆਫ਼ ਇੰਡੀਆ ਵਲੋਂ ਧਰਮ ਪਰਿਵਰਤਨ ਕਰਨ ਵਾਲੇ ਵਿਅਕਤੀਆਂ ਨੂੰ ਰਾਖਵੇਂਕਰਨ ਦੇ ਲਾਭ ਤੋਂ ਵਾਂਝੇ ਰੱਖਣ ਸਬੰਧੀ ਦਿੱਤੇ ਗਏ ਤਾਜ਼ਾ ਫ਼ੈਸਲੇ ਦਾ ਭਰਪੂਰ ਸਵਾਗਤ ਕੀਤਾ ਹੈ | ਉਨ੍ਹਾਂ ਕਿਹਾ ਕਿ ਅਦਾਲਤ ਦਾ ਇਹ ਫ਼ੈਸਲਾ ਸਮਾਜਿਕ ਨਿਆਂ ਦੀ ਰਾਖੀ ਕਰਨ ਅਤੇ ਸੰਵਿਧਾਨਕ ਮਰਿਆਦਾ ਨੂੰ ਬਹਾਲ ਰੱਖਣ ਦੀ ਦਿਸ਼ਾ ਵਿਚ ਇਕ ਮੀਲ ਦਾ ਪੱਥਰ ਸਾਬਤ ਹੋਵੇਗਾ | ਸ: ਪੀਰ ਮੁਹੰਮਦ ਨੇ ਅੱਗੇ ਕਿਹਾ ਕਿ ਰਾਖਵੇਂਕਰਨ ਦਾ ਮੂਲ ਮਨੋਰਥ ਉਨ੍ਹਾਂ ਸ਼੍ਰੇਣੀਆਂ ਨੂੰ ਉੱਪਰ ਚੁੱਕਣਾ ਸੀ, ਜਿਨ੍ਹਾਂ ਨੇ ਸਦੀਆਂ ਤੋਂ ਸਮਾਜਿਕ ਵਿਤਕਰੇ ਤੇ ਪਛੜੇਵੇਂ ਦਾ ਸਾਹਮਣਾ ਕੀਤਾ ਹੈ | ਉਨ੍ਹਾਂ ਕਿਹਾ ਕਿ ਜਦੋਂ ਕੋਈ ਵਿਅਕਤੀ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਨ ਕਰ ਕੇ ਕਿਸੇ ਦੂਜੇ ਧਰਮ ਦਾ ਪੱਲਾ ਫੜ ਲੈਂਦਾ ਹੈ ਤਾਂ ਉਹ ਸਵੈ-ਇੱਛਾ ਨਾਲ ਉਸ ਪੁਰਾਣੇ ਸਮਾਜਿਕ ਢਾਂਚੇ ਤੇ ਉਸ ਨਾਲ ਜੁੜੀਆਂ ਸ਼ਰਤਾਂ ਦਾ ਤਿਆਗ ਕਰ ਦਿੰਦਾ ਹੈ | ਅਜਿਹੀ ਸਥਿਤੀ ਵਿਚ ਨਵੇਂ ਧਰਮ ਵਿਚ ਜਾਣ ਤੋਂ ਬਾਅਦ ਵੀ ਪੁਰਾਣੇ ਧਰਮ ਦੇ ਆਧਾਰ 'ਤੇ ਮਿਲਣ ਵਾਲੀਆਂ ਸਹੂਲਤਾਂ ਦਾ ਲਾਭ ਉਠਾਉਣਾ ਨਾ ਸਿਰਫ਼ ਗੈਰ-ਸੰਵਿਧਾਨਕ ਹੈ, ਸਗੋਂ ਉਨ੍ਹਾਂ ਲੋਕਾਂ ਦੇ ਹੱਕਾਂ 'ਤੇ ਡਾਕਾ ਹੈ, ਜੋ ਅਸਲ ਵਿਚ ਇਸ ਦੇ ਹੱਕਦਾਰ ਹਨ | ਫ਼ੈਡਰੇਸ਼ਨ ਦੇ ਜਨਰਲ ਸਕੱਤਰ ਤੇ ਸਮਾਜ ਸੇਵੀ ਆਗੂ ਭਾਈ ਗਗਨਦੀਪ ਸਿੰਘ ਰਿਆੜ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਇਸ ਸਪੱਸ਼ਟ ਫ਼ੈਸਲੇ ਨਾਲ ਅਜਿਹੀਆਂ ਗੈਰ-ਕਾਨੂੰਨੀ ਪ੍ਰਕਿਰਿਆਵਾਂ ਤੇ ਧਰਮ ਪਰਿਵਰਤਨ ਦੀ ਆੜ ਵਿਚ ਹੋਣ ਵਾਲੀ ਰਾਜਨੀਤੀ ਨੂੰ ਠੱਲ੍ਹ ਪਵੇਗੀ | ਇਸ ਮੌਕੇ ਸੀਨੀਅਰ ਆਗੂ ਗੁਰਮੁੱਖ ਸਿੰਘ ਸੰਧੂ, ਡਾ. ਕਾਰਜ ਸਿੰਘ, ਸੁਖਵਿੰਦਰ ਸਿੰਘ ਪਾਹੜਾ, ਕੰਵਲਜੀਤ ਸਿੰਘ ਬਿੱਟਾ, ਪਰਮਜੀਤ ਸਿੰਘ ਧਨੇਰ, ਲਵਪ੍ਰੀਤ ਸਿੰਘ ਬਟਾਲਾ, ਅਮਨਦੀਪ ਸਿੰਘ ਰਿਆੜ ਆਦਿ ਆਗੂ ਹਾਜ਼ਰ ਸਨ |