ਰਾਜਪੁਰਾ, 24 ਅਕਤੂਬਰ (ਜੀ.ਪੀ. ਸਿੰਘ)-ਥਾਣਾ ਸ਼ੰਭੂ ਦੀ ਪੁਲਿਸ ਨੇ ਕੌਮੀ ਸ਼ਾਹ ਮਾਰਗ ’ਤੇ ਸ਼ੰਭੂ ਸਰਹੱਦ ਨੇੜੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ 24 ਕਿੱਲੋ ਗਾਂਜੇ ਸਮੇਤ ਗ੍ਰਿਫ਼ਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸ਼ੰਭੂ ਦੇ ਮੁੱਖ ਅਫ਼ਸਰ ਥਾਣੇਦਾਰ ਸਵਰਨ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਕੌਮੀ ਸ਼ਾਹ ਮਾਰਗ ’ਤੇ ਸ਼ੰਭੂ ਸਰਹੱਦ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੋਰਾਨ ਉੱਥੋ ਲੰਘ ਰਹੇ ਇਕ ਵਿਅਕਤੀ ਦੀ ਸ਼ੱਕ ਦੇ ਅਧਾਰ ’ਤੇ ਤਲਾਸ਼ੀ ਲੈਣ `ਤੇ ਉਸਦੇ ਕਬਜੇ ਵਿੱਚੋਂ 24 ਕਿੱਲੋ ਗਾਂਜਾ ਬਰਾਮਦ ਹੋਇਆ। ਸ਼ੰਭੂ ਪੁਲਿਸ ਨੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਜਦੋਂ ਮੁੱਢਲੀ ਪੁੱਛਗਿੱਛ ਕੀਤੀ ਤਾਂ ਉਕਤ ਨੇ ਆਪਣੀ ਪਹਿਚਾਣ ਅਵਲੇਸ਼ ਪੁੱਤਰ ਸੁਨਹਿਰੀ ਲਾਲ ਵਾਸੀ ਨਾਰਾਇਣ ਨਗਰ ਨਵੀਂ ਅਬਾਦੀ ਬੋਡਲਾ ਮਦਰੱਸਾ ਸਕੂਲ ਨੇ ਥਾਣਾ ਜਗਦੀਸ਼ਪੁਰਾ ਜ਼ਿਲ੍ਹਾ ਆਗਰਾ ਉੱਤਰ ਪ੍ਰਦੇਸ਼ ਵੱਜੋਂ ਦੱਸੀ। ਸ਼ੰਭੂ ਪੁਲਿਸ ਨੇ ਅਵਲੇਸ਼ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।