ਖਮਾਣੋਂ, 11 ਸਤੰਬਰ (ਜੋਗਿੰਦਰ ਪਾਲ)- ਦਾਣਾ ਮੰਡੀ ਖਮਾਣੋਂ ਅਤੇ ਸੰਘੋਲ ਵਿਖੇ ਪਿਛਲੇ ਕਣਕ ਦੇ ਸੀਜ਼ਨ ਦੌਰਾਨ ਖ਼ਰੀਦੀ ਗਈ ਕਣਕ ਦਾ ਵੱਡਾ ਹਿੱਸਾ ਅਜੇ ਵੀ ਮੰਡੀ ਵਿਚ ਪਿਆ ਹੋਣ ਕਾਰਨ ਆਉਣ ਵਾਲੇ ਝੋਨੇ ਦੇ ਸੀਜ਼ਨ ਨੂੰ ਲੈ ਕੇ ਕਿਸਾਨਾਂ, ਆੜ੍ਹਤੀਆਂ ਵਿਚ ਚਿੰਤਾ ਪਾਈ ਜਾ ਰਹੀ ਹੈ। ਜੇਕਰ ਸਮੇਂ ਸਿਰ ਮੰਡੀ ਵਿਚੋਂ ਕਣਕ ਦੀ ਚੁਕਾਈ ਨਾ ਕਰਵਾਈ ਗਈ ਤਾਂ ਝੋਨੇ ਦੀ ਆਮਦ ਸ਼ੁਰੂ ਹੋਣ ’ਤੇ ਮੰਡੀ ਵਿਚ ਫ਼ਸਲ ਰੱਖਣ ਲਈ ਥਾਂ ਦੀ ਭਾਰੀ ਕਮੀ ਪੈਦਾ ਹੋ ਸਕਦੀ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰਾ ਸਿੰਘ ਜਟਾਣਾ ਉੱਚਾ ਅਤੇ ਹੋਰਨਾਂ ਆਗੂਆਂ ਵਲੋਂ ਸਬੰਧਿਤ ਵਿਭਾਗਾਂ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਮੰਡੀ ਵਿਚ ਲੰਮੇ ਸਮੇਂ ਤੋਂ ਪਈ ਕਣਕ ਦੀ ਤੁਰੰਤ ਚੁਕਾਈ ਕਰਵਾਈ ਜਾਵੇ ਅਤੇ ਮੰਡੀ ਨੂੰ ਆਉਣ ਵਾਲੇ ਝੋਨੇ ਦੇ ਸੀਜ਼ਨ ਲਈ ਤਿਆਰ ਕੀਤਾ ਜਾਵੇ ਕਿਉਂਕਿ ਅਗੇਤਾ ਝੋਨਾ ਤਾਂ ਮੰਡੀ ਵਿਚ ਪਹੁੰਚਣਾ ਵੀ ਸ਼ੁਰੂ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੰਮੇ ਸਮੇਂ ਤੋਂ ਮੰਡੀ ਵਿਚ ਪਈ ਕਣਕ ਵਿਚ ਸੁਸਰੀ ਪੈਦਾ ਹੋਣੀ ਵੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਮੰਡੀ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਵੀ ਮੰਗ ਕੀਤੀ ਹੈ ਕਿ ਕਣਕ ਦੀ ਜਲਦ ਚੁਕਾਈ ਕਰਵਾ ਕੇ ਮੰਡੀ ਦੀ ਸਫ਼ਾਈ ਕਰਵਾਈ ਜਾਵੇ ਤਾਂ ਜੋ ਸੁਸਰੀ ਦੀ ਸਮੱਸਿਆ ਨੂੰ ਵਧਣ ਤੋਂ ਰੋਕਿਆ ਜਾ ਸਕੇ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਣਕ ਦੀ ਚੁਕਾਈ ਵਿਚ ਹੋਰ ਦੇਰੀ ਹੋਈ ਤਾਂ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯੂਨੀਅਨ ਨੇ ਮੰਗ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਐਕਸ਼ਨ ਕਰਕੇ ਮੰਡੀ ਨੂੰ ਖ਼ਾਲੀ ਕਰਵਾਇਆ ਜਾਵੇ। ਕਿਸਾਨ ਆਗੂਆਂ ਵਲੋਂ ਮਾਰਕੀਟ ਕਮੇਟੀ ਖਮਾਣੋਂ ਦੇ ਸਕੱਤਰ ਨਾਲ ਵੀ ਸਬੰਧੀ ਗੱਲਬਾਤ ਕੀਤੀ ਜਿਨ੍ਹਾਂ ਕਿਹਾ ਕਿ ਅੱਜ ਸ਼ਾਮ ਪੰਜਾਬ ਪੱਧਰ ਤੇ ਮੀਟਿੰਗ ਹੋ ਰਹੀ ਹੈ ਅਤੇ ਇਸ ਤੋਂ ਬਾਅਦ ਹੀ ਕੁਝ ਦੱਸਿਆ ਜਾ ਸਕਦਾ ਹੈ। ਕਿਸਾਨ ਆਗੂਆਂ ਨੇ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਨੂੰ ਚੇਤਾਵਨੀ ਦਿੱਤੀ ਕਿ ਜੇਕਰ 15 ਸਤੰਬਰ ਤੱਕ ਕਣਕ ਮੰਡੀਆਂ ਵਿਚੋਂ ਨਾ ਚੁਕਵਾਈ ਗਈ ਤਾਂ ਸਾਰੀਆਂ ਕਿਸਾਨ ਯੂਨੀਅਨ ਇਕੱਠੀਆਂ ਹੋ ਕੇ ਇਸ ਦੇ ਖ਼ਿਲਾਫ਼ ਸੜਕ ਰੋਕ ਕੇ ਵੱਡਾ ਸੰਘਰਸ਼ ਸ਼ੁਰੂ ਕਰਨਗੇ। ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਸਥਾਨਕ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਮੇਜਰ ਸਿੰਘ ਭੜੀ ਬਲਾਕ ਪ੍ਰਧਾਨ ਖਮਾਣੋਂ, ਪਰਮਜੀਤ ਸਿੰਘ, ਹਰਕ੍ਰਿਸ਼ਨ ਸਿੰਘ ਰਾਣਵਾਂ, ਜੋਗਿੰਦਰ ਸਿੰਘ ਰਾਏਪੁਰ ਮਾਜਰੀ, ਲਵੀ ਸਮਸ਼ਪੁਰ, ਕੇਵਲਜੀਤ ਸਿੰਘ ਭੁੱਲਰ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਆੜ੍ਹਤੀ ਸੁਰਮਖ ਸਿੰਘ ਕਲੇਰ, ਕੁਲਵੰਤ ਸਿੰਘ ਢਿੱਲੋਂ, ਮਨੋਜ ਭਾਰਦਵਾਜ, ਸੁਦਾਗਰ ਸਿੰਘ, ਪਰਮਵੀਰ ਸਿੰਘ ਤੇ ਗੁਰਦੇਵ ਸਿੰਘ ਵੀ ਹਾਜ਼ਰ ਸਨ।
ਦਾਣਾ ਮੰਡੀ ਖਮਾਣੋਂ ਵਿਚ ਪਈ ਪਿਛਲੇ ਸੀਜ਼ਨ ਦੀ ਕਣਕ ਬਣੀ ਮੁਸੀਬਤ
ਖਮਾਣੋਂ, 11 ਸਤੰਬਰ (ਜੋਗਿੰਦਰ ਪਾਲ)- ਦਾਣਾ ਮੰਡੀ ਖਮਾਣੋਂ ਅਤੇ ਸੰਘੋਲ ਵਿਖੇ ਪਿਛਲੇ ਕਣਕ ਦੇ ਸੀਜ਼ਨ ਦੌਰਾਨ ਖ਼ਰੀਦੀ ਗਈ ਕਣਕ ਦਾ ਵੱਡਾ ਹਿੱਸਾ ਅਜੇ ਵੀ ਮੰਡੀ ਵਿਚ ਪਿਆ ਹੋਣ ਕਾਰਨ ਆਉਣ ਵਾਲੇ ਝੋਨੇ ਦੇ ਸੀਜ਼ਨ ਨੂੰ ਲੈ ਕੇ ਕਿਸਾਨਾਂ, ਆੜ੍ਹਤੀਆਂ ਵਿਚ ਚਿੰਤਾ ਪਾਈ ਜਾ ਰਹੀ ਹੈ। ਜੇਕਰ ਸਮੇਂ ਸਿਰ ਮੰਡੀ ਵਿਚੋਂ ਕਣਕ ਦੀ ਚੁਕਾਈ ਨਾ ਕਰਵਾਈ ਗਈ ਤਾਂ ਝੋਨੇ ਦੀ ਆਮਦ ਸ਼ੁਰੂ ਹੋਣ ’ਤੇ ਮੰਡੀ ਵਿਚ ਫ਼ਸਲ ਰੱਖਣ ਲਈ ਥਾਂ ਦੀ ਭਾਰੀ ਕਮੀ ਪੈਦਾ ਹੋ ਸਕਦੀ ਹੈ।
ਅਜੀਤ ਡੈਸਕ
12-09-2026