ਖਮਾਣੋਂ, 2 ਜੂਨ (ਜੋਗਿੰਦਰ ਪਾਲ)-ਗਰਮੀਆਂ ਦੀਆਂ ਛੁੱਟੀਆਂ ਨੂੰ ਸਾਰਥਕ ਬਣਾਉਣ ਅਤੇ ਬੱਚਿਆਂ ਨੂੰ ਗੁਰਮਤਿ, ਸੰਸਕਾਰਾਂ ਅਤੇ ਸਿੱਖ ਵਿਰਸੇ ਨਾਲ ਜੋੜਨ ਦੇ ਉਦੇਸ਼ ਨਾਲ ਜੀ.ਟੀ.ਬੀ.ਆਈ.ਐਮ.ਟੀ. ਕੰਪਿਊਟਰ ਸੈਂਟਰ, ਗ੍ਰੇਨ ਮਾਰਕੀਟ ਖਮਾਣੋਂ ਵਿਖੇ 5 ਜੂਨ ਤੋਂ 25 ਜੂਨ ਤੱਕ ਗੁਰਮਤਿ ਕੈਂਪ ਲਗਾਇਆ ਜਾ ਰਿਹਾ ਹੈ | ਇਹ ਕੈਂਪ ਰੋਜ਼ਾਨਾਂ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਚੱਲੇਗਾ | ਕੈਂਪ ਦੌਰਾਨ ਬੱਚਿਆਂ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ, ਨਿੱਤਨੇਮ ਅਤੇ ਅਰਦਾਸ ਦੀ ਸਿਖਲਾਈ, ਗੁਰਬਾਣੀ ਉਚਾਰਨ, ਚੰਗੇ ਸੰਸਕਾਰਾਂ ਅਤੇ ਸ਼ਖ਼ਸੀਅਤ ਵਿਕਾਸ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਜਾਵੇਗੀ | ਪ੍ਰਬੰਧਕਾਂ ਅਨੁਸਾਰ ਕੈਂਪ ਵਿਚ 5 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚੇ ਭਾਗ ਲੈ ਸਕਦੇ ਹਨ | ਇਹ ਸੇਵਾ ਪੂਰੀ ਤਰ੍ਹਾਂ ਮੁਫ਼ਤ ਰੱਖੀ ਗਈ ਹੈ ਅਤੇ ਕੈਂਪ ਵਿਚ ਸ਼ਾਮਿਲ ਹੋਣ ਵਾਲੇ ਹਰ ਬੱਚੇ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤਾ ਜਾਵੇਗਾ | ਕੈਂਪ ਖ਼ਾਸ ਤੌਰ 'ਤੇ ਸਕੂਲੀ ਵਿਦਿਆਰਥੀਆਂ ਲਈ ਉਪਯੋਗੀ ਸਾਬਤ ਹੋਵੇਗਾ, ਜਿਸ ਨਾਲ ਉਨ੍ਹਾਂ ਨੂੰ ਧਾਰਮਿਕ ਅਤੇ ਨੈਤਿਕ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਉਪਰਾਲੇ ਵਿਚ ਮਨਵੀਰ ਦਸਤਾਰ ਹਾਊਸ, ਖਮਾਣੋਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਇਲਾਕੇ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਕੈਂਪ ਵਿਚ ਸ਼ਾਮਿਲ ਕਰਕੇ ਗੁਰਮਤਿ ਅਤੇ ਸਿੱਖੀ ਦੇ ਅਨਮੋਲ ਮੁੱਲਾਂ ਨਾਲ ਜੋੜਨ |