31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਡੇਰਾ ਮੀਰ ਮੀਰਾਂ 'ਚ ਨਾਜਾਇਜ਼ ਮਾਈਨਿੰਗ ਦੇ ਲਗਾਏ ਦੋਸ਼

ਕੁਲਵਿੰਦਰ ਸਿੰਘ ਡੇਰਾ ਸਰਪੰਚ <br/> ਹਲਕਾ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਪਿੰਡ ਡੇਰਾ ਮੀਰ ਮੀਰਾਂ ਵਿਖੇ ਕਥਿਤ ਨਾਜਾਇਜ਼ ਮਾਈਨਿੰਗ ਦੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ | ਤਸਵੀਰ ਕਰਨ <br/> 03-06-2026
ਫ਼ਤਹਿਗੜ੍ਹ ਸਾਹਿਬ, 2 ਜੂਨ (ਬਲਜਿੰਦਰ ਸਿੰਘ)-ਸੀਨੀਅਰ ਕਾਂਗਰਸੀ ਆਗੂ ਤੇ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪਿੰਡ ਡੇਰਾ ਮੀਰ ਮੀਰਾਂ ਵਿਖੇ ਕਥਿਤ ਨਾਜਾਇਜ਼ ਮਾਈਨਿੰਗ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਪੰਚਾਇਤ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ | ਪਿੰਡ ਦੇ ਦੌਰੇ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਇਲਾਕੇ ਵਿਚ ਵੱਡੇ ਪੱਧਰ 'ਤੇ ਨਾਜਾਇਜ਼ ਮਾਈਨਿੰਗ ਦਾ ਧੰਦਾ ਚੱਲ ਰਿਹਾ ਹੈ | ਨਾਗਰਾ ਨੇ ਦਾਅਵਾ ਕੀਤਾ ਕਿ ਇਸ ਕਥਿਤ ਗੈਰ-ਕਾਨੂੰਨੀ ਮਾਈਨਿੰਗ ਨੂੰ ਪਿੰਡ ਦੇ ਮੌਜੂਦਾ ਸਰਪੰਚ ਦੀ ਸ਼ਹਿ ਤੇ ਸਰਪ੍ਰਸਤੀ ਪ੍ਰਾਪਤ ਹੈ, ਜਿਸ ਕਾਰਨ ਮਾਈਨਿੰਗ ਮਾਫ਼ੀਆ ਬੇਖ਼ੌਫ਼ ਹੋ ਕੇ ਆਪਣੀਆਂ ਗਤੀਵਿਧੀਆਂ ਜਾਰੀ ਰੱਖ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਕਾਰਨ ਕੁਦਰਤੀ ਸਰੋਤਾਂ ਦੀ ਲੁੱਟ ਹੋ ਰਹੀ ਹੈ ਅਤੇ ਵਾਤਾਵਰਨ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ | ਸਾਬਕਾ ਵਿਧਾਇਕ ਨਾਗਰਾ ਨੇ ਕਿਹਾ ਕਿ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਪਿੰਡ ਦੀਆਂ ਸੜਕਾਂ ਅਤੇ ਲਿੰਕ ਰੋਡ ਬੁਰੀ ਤਰ੍ਹਾਂ ਖ਼ਰਾਬ ਹੋ ਚੁੱਕੀਆਂ ਹਨ, ਜਿਸ ਨਾਲ ਆਮ ਲੋਕਾਂ ਨੂੰ ਰੋਜ਼ਾਨਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਇਸ ਮਾਮਲੇ 'ਤੇ ਅੱਖਾਂ ਮੂੰਦ ਕੇ ਬੈਠੀ ਹੋਈ ਹੈ ਅਤੇ ਸਬੰਧਿਤ ਵਿਭਾਗ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਸਾਬਤ ਹੋਏ ਹਨ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਡੇਰਾ ਮੀਰ ਮੀਰਾਂ ਵਿਚ ਹੋ ਰਹੀ ਕਥਿਤ ਨਾਜਾਇਜ਼ ਮਾਈਨਿੰਗ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਦੇ ਨਾਲ-ਨਾਲ ਉਨ੍ਹਾਂ ਨੂੰ ਸੁਰੱਖਿਆ ਦੇਣ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਮਾਮਲੇ ਵਿਚ ਜਲਦ ਕਾਰਵਾਈ ਨਾ ਕੀਤੀ ਗਈ ਅਤੇ ਨਾਜਾਇਜ਼ ਮਾਈਨਿੰਗ ਨੂੰ ਤੁਰੰਤ ਨਾ ਰੋਕਿਆ ਗਿਆ ਤਾਂ ਉਹ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਵੱਡਾ ਜਨ ਅੰਦੋਲਨ ਸ਼ੁਰੂ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਸਾਬਕਾ ਸਰਪੰਚ ਹਰਿੰਦਰਪਾਲ ਸਿੰਘ, ਸਤਨਾਮ ਸਿੰਘ, ਸਤਵਿੰਦਰ ਸਿੰਘ, ਹਰਦੀਪ ਸਿੰਘ, ਜਗਜੀਤ ਸਿੰਘ, ਤੇਜਿੰਦਰ ਸਿੰਘ, ਲਖਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਾਜਵੰਤ ਸਿੰਘ, ਕਸ਼ਮੀਰਾ ਸਿੰਘ, ਜੰਗ ਸਿੰਘ, ਮਨਿੰਦਰਪਾਲ ਸਿੰਘ, ਬਲਾਕ ਸੰਮਤੀ ਵਰਿੰਦਰ ਸਿੰਘ ਭਮਾਰਸੀ, ਕਿ੍ਪਾਲ ਸਿੰਘ, ਅਮਰਜੀਤ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ |
ਕੀ ਕਹਿਣਾ ਹੈ ਪਿੰਡ ਡੇਰਾ ਮੀਰ ਮੀਰਾਂ ਦੇ ਸਰਪੰਚ ਕੁਲਵਿੰਦਰ ਸਿੰਘ ਦਾ
ਓਧਰ ਪਿੰਡ ਡੇਰਾ ਮੀਰ ਮੀਰਾਂ ਦੇ ਸਰਪੰਚ ਕੁਲਵਿੰਦਰ ਸਿੰਘ ਡੇਰਾ ਨੇ ਸਾਬਕਾ ਵਿਧਾਇਕ ਦੇ ਦੋਸ਼ਾਂ ਨੂੰ ਬੇਬੁਨਿਆਦ ਤੇ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਪਿੰਡ ਵਿਚ ਆਮ ਜ਼ਮੀਨਾਂ ਦੇ ਪੱਧਰ ਨਾਲੋਂ ਲਗਪਗ ਤਿੰਨ ਫੁੱਟ ਉਚਾਈ ਵਾਲੀਆਂ ਜ਼ਮੀਨਾਂ ਤੋਂ ਮਿੱਟੀ ਚੁੱਕਣ ਦਾ ਕੰਮ ਨਹਿਰੀ ਵਿਭਾਗ ਵਲੋਂ ਸਾਰੀਆਂ ਸਬੰਧਿਤ ਪ੍ਰਵਾਨਗੀਆਂ ਲੈਣ ਤੋਂ ਬਾਅਦ ਸ਼ੁਰੂ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਦੁਆਰਾ ਜਾਰੀ ਹੋਏ ਪੱਤਰ ਮੁਤਾਬਿਕ ਨਹਿਰੀ ਵਿਭਾਗ ਵਲੋਂ ਨਹਿਰਾਂ ਦਾ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਉਣ ਲਈ ਸੂਆ ਬਣਾਇਆ ਜਾ ਰਿਹਾ ਹੈ | ਜਿਸ ਨਾਲ ਪਿੰਡ ਹਰਲਾਲਪੁਰ, ਮਾਜਰੀ, ਡੇਰਾ ਮੀਰ ਮੀਰਾਂ, ਤਲਾਣੀਆਂ, ਖੇੜੀ ਅਤੇ ਸਰਹਿੰਦ ਸ਼ਹਿਰ ਤੱਕ ਨਹਿਰੀ ਪਾਣੀ ਪਹੁੰਚੇਗਾ | ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਵਲੋਂ ਸਾਰੀਆਂ ਪ੍ਰਵਾਨਗੀਆਂ ਲੈਣ ਤੋਂ ਬਾਅਦ ਉਨ੍ਹਾਂ ਜ਼ਮੀਨਾਂ 'ਚ ਮਾਈਨਿੰਗ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਜਿਹੜੀਆਂ ਜ਼ਮੀਨਾਂ ਦਾ ਪੱਧਰ ਆਮ ਜ਼ਮੀਨਾਂ ਨਾਲੋਂ ਲਗਪਗ ਤਿੰਨ ਫੁੱਟ ਉੱਚਾ ਹੈ | ਉਨ੍ਹਾਂ ਦੱਸਿਆ ਕਿ ਮਾਈਨਿੰਗ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਪੰਚਾਇਤ ਦੇ ਖਾਤੇ ਵਿਚ ਜਮ੍ਹਾਂ ਹੋਵੇਗੀ ਅਤੇ ਰਾਇਲਟੀ ਮਾਈਨਿੰਗ ਵਿਭਾਗ ਦੇ ਖਾਤੇ ਵਿਚ ਜਮ੍ਹਾਂ ਹੋਵੇਗੀ |
ਪਿਛਲੀ ਖ਼ਬਰ ਪੰਜਾਬ ਦੇ ਭਖਦੇ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਰਾਜਪਾਲ ਦੇ ਨਾਂਅ ਡੀ. ਸੀ. ਨੂੰ ਸੌਂ... ਅਗਲੀ ਖ਼ਬਰ ਖਮਾਣੋਂ ਵਿਖੇ ਗੁਰਮਤਿ ਕੈਂਪ 5 ਤੋਂ 25 ਜੂਨ ਤੱਕ ਰਹੇਗਾ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।