01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

‘ਆਪ’ ਸਰਕਾਰ ਆਪਣੇ ਵਾਅਦੇ ਅਨੁਸਾਰ ਮਾਵਾਂ ਧੀਆਂ ਦੇ ਖਾਤਿਆਂ ’ਚ 3000-4500 ਰੁਪਏ ਦੀ ਬਜਾਏ 51000-76500 ਰੁਪਏ ਪਾਵੇ - ਅਵਿਨਾਸ਼ ਰਾਏ ਖੰਨਾ

ਅਜੀਤ ਡੈਸਕ 05-07-2026
ਸੜੋਆ, 4 ਜੁਲਾਈ (ਬਲਵਿੰਦਰ ਨਾਨੋਵਾਲੀਆ) - ਸੂਬੇ ਦੀ ਆਪ ਸਰਕਾਰ ਵਲੋਂ ਚੋਣਾਂ ਦੌਰਾਨ ਜਾਰੀ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਅਨੁਸਾਰ, ਮਾਵਾਂ ਧੀਆਂ ਦੇ ਖਾਤਿਆਂ ’ਚ 3000 ਰੁਪਏ ਤੇ 4500 ਰੁਪਏ ਪਾਉਣ ਦੀ ਬਜਾਏ, ਉਨ੍ਹਾਂ ਦੇ ਖਾਤਿਆਂ ’ਚ ਕ੍ਰਮਵਾਰ 51000 ਰੁਪਏ ਤੇ 76500 ਪਾਵੇ। ਇਹ ਵਿਚਾਰ ਅਵਿਨਾਸ਼ ਰਾਏ ਖੰਨਾ ਸਾਬਕਾ ਸੰਸਦ ਅਤੇ ਸੀਨੀਅਰ ਭਾਜਪਾ ਆਗੂ ਨੇ ਬਲਾਕ ਸੜੋਆ ਦੇ ਵੱਖ-ਵੱਖ ਪਿੰਡਾਂ ਅੰਦਰ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਸਮੇਂ ਪਿੰਡ ਨਾਨੋਵਾਲ ਵਿਖੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਹਕੂਮਤ ਸੰਭਾਲਿਆਂ ਆਪਣੇ ਚਾਰ ਸਾਲ 4 ਮਹੀਨੇ ਤੱਕ ਦੇ ਸ਼ਾਸਨ ਕਾਲ ਦੌਰਾਨ ਬੀਬੀਆਂ ਅਤੇ ਭੈਣਾਂ ਨੂੰ ਝੂਠੇ ਲਾਰਿਆਂ ਵਿਚ ਹੀ ਰੱਖਿਆ, ਹੁਣ ਉਨ੍ਹਾਂ ਦੇ ਖਾਤਿਆਂ ’ਚ ਪ੍ਰਤੀ ਮਹਿਲਾ ਜਨਰਲ ਵਰਗ 3000 ਰੁਪਏ ਅਤੇ ਅਨੁਸੂਚਿਤ ਜਾਤੀ ਵਰਗ ਦੀਆਂ ਮਹਿਲਾਵਾਂ ਨੂੰ 4500 ਰੁਪਏ ਪਾ ਕੇ ਬੀਬੀਆਂ ਨਾਲ ਵਾਅਦਾ ਖਿਲਾਫੀ ਕੀਤੀ ਹੈ। ਉਨ੍ਹਾਂ ਕਿਹਾ ਸੂਬਾ ਸਰਕਾਰ ਨੂੰ ਹੁਣ ਆਪਣੇ ਕੀਤੇ ਵਾਅਦੇ ਅਨੁਸਾਰ ਬਾਕੀ ਰਹਿੰਦੀ ਰਾਸ਼ੀ 51000 ਜਨਰਲ ਵਰਗ ਅਤੇ 76500 ਰੁਪਏ ਰਾਖਵੇਂ ਵਰਗ ਦੇ ਖਾਤਿਆਂ ਵਿੱਚ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ 7 ਲੱਖ ਮੁਲਾਜ਼ਮਾਂ ਅਤੇ ਪੈਨਸ਼ਨਾਂ ਦਾ ਡੀ.ਏ. ਦਾ ਬਕਾਇਆ ਵੀ ਅਜੇ ਤੱਕ ਨਾ ਦੇ ਕੇ ਮੁਲਾਜ਼ਮ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਵਲੋਂ ਆਪਣੇ ਸੰਗਠਨ ਨੂੰ ਪਿੰਡ ਪੱਧਰ ਅਤੇ ਬੂਥ ਪੱਧਰ ’ਤੇ ਮਜਬੂਤ ਕਰਨ ਵਿੱਚ ਸਾਰੇ ਭਾਜਪਾ ਵਰਕਰ ਲਗੇ ਹੋਏ ਹਨ। ਇਸ ਮੌਕੇ ਹਰਅਮਰਿੰਦਰ ਸਿੰਘ ਰਿੰਕੂ ਸਾਬਕਾ ਚੇਅਰਮੈਨ ਬਲਾਕ ਸੰਮਤੀ ਸੜੋਆ ਨੇ ਅਵਿਨਾਸ਼ ਰਾਏ ਖੰਨਾ ਦਾ ਹਲਕੇ ਅੰਦਰ ਆਉਣ ’ਤੇ ਭਰਵਾ ਸਵਾਗਤ ਕੀਤਾ। ਇਸ ਮੌਕੇ ਦੁਰਗੇਸ਼ ਜੰਡੀ, ਰਾਮ ਲਾਲ ਜੰਡੀ, ਰਾਜ ਕੁਮਾਰ ਖਟਾਣਾ ਇੰਸਪੈਕਟਰ ਪੰਜਾਬ ਪੁਲਿਸ ਰਿਟਾ: ਤੇ ਰਜਿੰਦਰ ਕੁਮਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡਿਊਟੀ ਤੋਂ ਥਾਣਾ ਔੜ ਜਾ ਰਹੀ ਲੇਡੀ ਕਾਂਸਟੇਬਲ ਸੜਕ ਹਾਦਸੇ ’ਚ ਜ਼ਖ਼ਮੀ ਅਗਲੀ ਖ਼ਬਰ ਪੰਜਾਬ ’ਚ ਝੋਨੇ ਦੀ ਬਿਜਾਈ ਅੱਧ ਵਿਚਾਲੇ ਲਟਕੀ, ਮਜ਼ਦੂਰਾਂ ਦੀ ਕਿੱਲਤ ਨੇ ਵਧਾਈਆਂ ਮੁਸ਼ਕਿਲਾਂ-ਸੁਰਜੀਤ ਸਿੰਘ ਦੋਭਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।