01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਪੰਜਾਬ ’ਚ ਝੋਨੇ ਦੀ ਬਿਜਾਈ ਅੱਧ ਵਿਚਾਲੇ ਲਟਕੀ, ਮਜ਼ਦੂਰਾਂ ਦੀ ਕਿੱਲਤ ਨੇ ਵਧਾਈਆਂ ਮੁਸ਼ਕਿਲਾਂ-ਸੁਰਜੀਤ ਸਿੰਘ ਦੋਭਾਲੀ

ਅਜੀਤ ਡੈਸਕ 05-07-2026
ਕਾਠਗੜ੍ਹ, 4 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ) - ਪੰਜਾਬ ਭਰ ’ਚ ਝੋਨੇ ਦੀ ਬਿਜਾਈ ਦਾ ਕੰਮ ਇਸ ਵੇਲੇ ਜੰਗੀ ਪੱਧਰ ’ਤੇ ਚੱਲ ਰਿਹਾ ਹੈ, ਪਰ ਮਾਨਸੂਨ ਦੇ ਪੱਛੜਨ ਕਾਰਨ ਅੰਨਦਾਤਾ ਪੂਰੀ ਤਰ੍ਹਾਂ ਬਿਜਲੀ ਦੀ ਸਪਲਾਈ ’ਤੇ ਨਿਰਭਰ ਹੋ ਕੇ ਰਹਿ ਗਿਆ ਹੈ। ਮੰਡ ਖੇਤਰ ਦੇ ਦੌਰੇ ਦੌਰਾਨ ਕਿਸਾਨੀ ਨਾਲ ਜੁੜੇ ਤੇ ਉੱਘੇ ਸਮਾਜ ਸੇਵੀ ਅਤੇ ਸਫਲ ਕਿਸਾਨ ਸੁਰਜੀਤ ਸਿੰਘ ਦੋਭਾਲੀ ਨੇ ਕਿਹਾ ਕਿ ਇਲਾਕੇ ਵਿੱਚ ਲਗਪਗ 50 ਫੀਸਦੀ ਝੋਨੇ ਦੀ ਬਜਾਈ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਜਦਕਿ ਬਾਕੀ ਰਹਿੰਦੀ 50 ਫੀਸਦੀ ਬਜਾਈ ਦਾ ਕੰਮ ਅਜੇ ਵੀ ਜਾਰੀ ਹੈ। ਮਹਿੰਗਾਈ ਦੇ ਇਸ ਦੌਰ ਵਿੱਚ ਕਿਸਾਨ ਹੁਣ ਟਿਊਬਵੈੱਲਾਂ ਲਈ ਡੀਜ਼ਲ ਦਾ ਵਾਧੂ ਖਰਚਾ ਝੱਲਣ ਦੇ ਮੂਡ ਵਿੱਚ ਨਹੀਂ ਹਨ, ਜਿਸ ਕਾਰਨ ਮੁਫ਼ਤ ਬਿਜਲੀ ਸਪਲਾਈ ਹੀ ਉਨ੍ਹਾਂ ਦਾ ਇੱਕੋ-ਇੱਕ ਸਹਾਰਾ ਬਣੀ ਹੋਈ ਹੈ। ਖੇਤਾਂ ਵਿੱਚ ਹਰ ਪਾਸੇ ਰੌਣਕ ਨਜ਼ਰ ਆ ਰਹੀ ਹੈ-ਕਿਤੇ ਮਜ਼ਦੂਰ ਝੋਨਾ ਲਗਾ ਰਹੇ ਹਨ, ਕਿਤੇ ਟਰੈਕਟਰਾਂ ਨਾਲ ਕੱਦੂ ਕੀਤਾ ਜਾ ਰਿਹਾ ਹੈ ਅਤੇ ਕਿਤੇ ਪਾਣੀ ਛੱਡ ਕੇ ਖੇਤਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ। ਸਥਾਨਕ ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਮਾਨਸੂਨ ਦੀ ਬਾਰਸ਼ ਹੋ ਜਾਵੇ ਤਾਂ ਪਾਣੀ ਦੀ ਸਾਰੀ ਸਮੱਸਿਆ ਦਾ ਹੱਲ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਛੋਟੇ ਕਿਸਾਨਾਂ ਕੋਲ ਆਪਣੇ ਟਿਊਬਵੈੱਲ ਨਹੀਂ ਹਨ ਅਤੇ ਉਹ ਗੁਆਂਢੀਆਂ ਤੋਂ ਪਾਣੀ ਲੈਂਦੇ ਹਨ, ਉਹ ਇਸ ਵੇਲੇ ਸਭ ਤੋਂ ਵੱਧ ਨਿਰਾਸ਼ ਹਨ ਅਤੇ ਇੰਦਰ ਦੇਵਤਾ ਵੱਲ ਤੱਕ ਰਹੇ ਹਨ। ਦੂਜੇ ਪਾਸੇ, ਜਿਨ੍ਹਾਂ ਕਿਸਾਨਾਂ ਨੇ ਅਡਵਾਂਸ ਬਿਜਾਈ ਕਰ ਲਈ ਹੈ, ਉਹ ਵੀ ਫ਼ਸਲ ਨੂੰ ਪਾਲਣ ਲਈ ਮੀਂਹ ਦਾ ਇੰਤਜ਼ਾਰ ਕਰ ਰਹੇ ਹਨ। ਜੇਕਰ ਚੰਗੀ ਬਾਰਸ਼ ਹੋ ਜਾਂਦੀ ਹੈ ਤਾਂ ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਵੀ ਵੱਡੀ ਰਾਹਤ ਮਿਲ ਸਕਦੀ ਹੈ, ਪਰ ਹੁਣ ਪੂਰੇ ਪੰਜਾਬ ਵਿੱਚ ਮਾਨਸੂਨ ਕਦੋਂ ਦਸਤਕ ਦਿੰਦਾ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਪਾਣੀ ਦੇ ਸੰਕਟ ਦੇ ਨਾਲ-ਨਾਲ ਇਸ ਵਾਰ ਕਿਸਾਨਾਂ ਨੂੰ ਮਜ਼ਦੂਰਾਂ ਦੀ ਭਾਰੀ ਕਿੱਲਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਝੋਨਾ ਲਗਾਉਣ ਲਈ ਪ੍ਰਵਾਸੀ ਅਤੇ ਸਥਾਨਕ ਮਜ਼ਦੂਰਾਂ ਦੀਆਂ ਟੋਲੀਆਂ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਪਹੁੰਚੀਆਂ ਹਨ। ਕਿਸਾਨ ਹਰਪਾਲ ਸਿੰਘ ਨੇ ਦੱਸਿਆ ਕਿ ਇਸ ਵਾਰ ਮਜ਼ਦੂਰਾਂ ਦੀ ਘਾਟ ਕਾਰਨ ਝੋਨੇ ਦੀ ਬਜਾਈ ਦਾ ਰੇਟ 4000 ਤੋਂ4500 ਰੁਪਏ ਪ੍ਰਤੀ ਏਕੜ ਤੱਕ ਪਹੁੰਚ ਗਿਆ ਹੈ, ਪਰ ਮਹਿੰਗੇ ਰੇਟ ਦੇਣ ਦੇ ਬਾਵਜੂਦ ਕਿਸਾਨਾਂ ਨੂੰ ਮਜ਼ਦੂਰ ਲੱਭਣ ਲਈ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਜਲਦੀ ਮੀਂਹ ਪੈ ਜਾਂਦਾ ਹੈ ਤਾਂ ਜਿੱਥੇ ਇਸ ਕਹਿਰ ਦੀ ਗਰਮੀ ਤੋਂ ਨਿਜਾਤ ਮਿਲੇਗੀ, ਉੱਥੇ ਹੀ ਮੌਸਮ ਬਦਲਣ ਨਾਲ ਚੱਲ ਰਹੀਆਂ ਖੰਘ, ਜ਼ੁਕਾਮ ਅਤੇ ਵਾਇਰਲ ਵਰਗੀਆਂ ਬਿਮਾਰੀਆਂ ਤੋਂ ਵੀ ਆਮ ਜਨਤਾ ਨੂੰ ਵੱਡੀ ਰਾਹਤ ਮਿਲੇਗੀ।
ਪਿਛਲੀ ਖ਼ਬਰ ‘ਆਪ’ ਸਰਕਾਰ ਆਪਣੇ ਵਾਅਦੇ ਅਨੁਸਾਰ ਮਾਵਾਂ ਧੀਆਂ ਦੇ ਖਾਤਿਆਂ ’ਚ 3000-4500 ਰੁਪਏ ਦੀ ਬਜਾਏ 51000-76500 ਰੁਪਏ ਪਾਵੇ -... ਅਗਲੀ ਖ਼ਬਰ ਜ਼ਿਲ੍ਹਾ ਟਾਸਕ ਫੋਰਸ ਵਲੋਂ ਡੀਲਰਾਂ ਤੇ ਫੈਕਟਰੀਆਂ ਦੀ ਅਚਨਚੇਤ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।