ਕਟਾਰੀਆਂ, 3 ਜੂਨ (ਪ੍ਰੇਮੀ ਸੰਧਵਾਂ)-ਡਾ. ਬੀ. ਆਰ. ਅੰਬੇਡਕਰ ਸਰਕਾਰੀ ਪ੍ਰਾਇਮਰੀ ਸਕੂਲ ਸੰਧਵਾਂ ਵਿਖੇ ਹੈੱਡ ਟੀਚਰ ਮੈਡਮ ਨਛੱਤਰ ਕੌਰ ਹੀਰਾ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ | ਵਰ੍ਹਦੇ ਮੀਂਹ 'ਚ ਬੱਚਿਆਂ ਦੇ ਮਾਪਿਆਂ ਨੇ ਮਿਲਣੀ ਵਿਚ ਵੱਧ ਚੜ੍ਹ ਕੇ ਭਾਗ ਲਿਆ | ਮੈਡਮ ਨਛੱਤਰ ਕੌਰ ਹੀਰਾ ਨੇ ਮਾਪਿਆਂ ਨੂੰ ਜੂਨ ਮਹੀਨੇ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਦਿੱਤੇ ਪੜ੍ਹਾਈ ਦੇ ਕੰਮ ਦੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ ਗਰਮੀ ਦੇ ਮੱਦੇਨਜ਼ਰ ਘਰ ਵਿਚ ਹੀ ਰੱਖਣ 'ਤੇ ਸਕੂਲ ਵਲੋਂ ਮਿਲੇ ਲਿਖਤੀ ਕੰਮ 'ਚ ਉਨ੍ਹਾਂ ਦੀ ਮਦਦ ਕਰਨ ਤਾਂ ਜੋ ਬੱਚਿਆਂ ਦਾ ਪੜ੍ਹਾਈ ਪ੍ਰਤੀ ਰੁਝਾਨ ਹੋਰ ਵਧੇ | ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਸਿੱਖਿਆ ਵਿਭਾਗ ਵਲੋਂ ਪ੍ਰਾਪਤ ਹੋਈ ਲਿਖਤੀ ਸਮੱਗਰੀ ਵੀ ਵੰਡੀ | ਮੈਡਮ ਨਛੱਤਰ ਕੌਰ ਹੀਰਾ ਨੇ ਮਾਪੇ-ਅਧਿਆਪਕ ਮਿਲਣੀ ਵਿਚ ਪਹੁੰਚਣ ਵਾਲੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਮੈਡਮ ਕਾਂਤਾ ਰਾਣੀ, ਰੀਤਿਕਾ ਰਾਏ, ਅਮਨ ਕੌਰ ਜੰਜੂਆ, ਕੁਲਵਿੰਦਰ ਹੀਰਾ, ਆਯੂਸ਼ ਹੀਰਾ, ਕਮਲਜੀਤ ਕੌਰ, ਸੀਮਾ ਹੀਰਾ, ਮਾਸਟਰ ਸੰਦੀਪ ਕੁਮਾਰ ਆਦਿ ਹਾਜ਼ਰ ਸਨ |