ਨਵਾਂਸ਼ਹਿਰ, 26 ਮਾਰਚ (ਦੀਦਾਰ ਸਿੰਘ ਸ਼ੇਤਰਾ)-ਗ੍ਰਾਮ ਪੰਚਾਇਤ ਲੰਗੜੋਆ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਉਨ੍ਹਾਂ ਦੇ ਨਾਂ 'ਤੇ ਦਿੱਤੀ ਇਕ ਦਰਖਾਸਤ ਵਿਚ ਪਿੰਡ ਵਿਚ ਖੇਡ ਗਰਾਉਂਡ ਲਈ ਪੰਚਾਇਤ ਵਲੋਂ ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਨੂੰ ਦਿੱਤੀ ਹੋਈ ਜ਼ਮੀਨ ਵਿਚੋਂ ਤਿੰਨ ਖੇਤ ਜ਼ਮੀਨ ਦੇ ਵਾਪਸ ਪਰਤਾਉਣ ਲਈ ਬੇਨਤੀ ਕੀਤੀ ਹੈ | ਪਿੰਡ ਦੇ ਸਰਪੰਚ ਸੇਵਾ ਮੁਕਤ ਐੱਸ. ਡੀ. ਓ. ਗੁਰਦੇਵ ਸਿੰਘ ਪਾਬਲਾ ਨੇ ਦੱਸਿਆ ਕਿ 16 ਮਈ 2025 ਨੂੰ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਪਿੰਡ ਵਿਖੇ ਇਕ ਸੂਬਾ ਪੱਧਰੀ ਸਮਾਗਮ ਕਰਕੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ | ਉਹਨਾਂ ਦੱਸਿਆ ਕਿ ਪੰਚਾਇਤ ਵੱਲੋਂ ਪਿੰਡ ਵਿਚ ਇਕ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ ਪਾਉਣ ਵਿੱਚ ਕਾਫੀ ਵੱਡੀ ਸਫਲਤਾ ਪ੍ਰਾਪਤ ਕਰ ਲਈ ਗਈ ਹੈ | ਇਥੋਂ ਤੱਕ ਕਿ ਉਹਨਾਂ ਦੇ 30-35 ਬੱਚੇ ਵੀ ਹੁਣ ਖੇਡਾਂ ਵੱਲ ਰੁਚਿਤ ਹੋ ਗਏ ਹਨ | ਉਨ੍ਹਾਂ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਉਸ ਦਿਨ ਪੰਚਾਇਤ ਵਲੋਂ ਕੁੱਝ ਮੰਗਾਂ ਰੱਖੀਆਂ ਵੀ ਗਈਆਂ ਸਨ | ਜਿਨ੍ਹਾਂ ਵਿਚੋਂ ਅੱਜ ਤੱਕ ਇਕ ਵੀ ਪੂਰੀ ਨਹੀਂ ਕੀਤੀ ਗਈ | ਉਹਨਾਂ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਉਹਨਾਂ ਦੇ ਪਿੰਡ ਦੀ 29 ਏਕੜ ਜ਼ਮੀਨ ਜਿਹੜੀ ਕਿ ਪੰਚਾਇਤ ਵਲੋਂ ਕਿ੍ਸ਼ੀ ਵਿਗਿਆਨ ਕੇਂਦਰ ਨੂੰ ਦਿੱਤੀ ਹੋਈ ਹੈ ਵਿੱਚੋਂ ਬੱਚਿਆਂ ਦੇ ਖੇਡਣ ਲਈ ਸਿਰਫ ਤਿੰਨ ਖੇਤ ਜਮੀਨ ਖਾਲੀ ਕਰਵਾ ਕੇ ਪੰਚਾਇਤ ਨੂੰ ਦਿੱਤੀ ਜਾਵੇ, ਤਾਂ ਕਿ ਪਿੰਡ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਵੱਲ ਤੋਰਿਆ ਜਾ ਸਕੇ | ਮੁੱਖ ਮੰਤਰੀ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਸਬੰਧ ਵਿਚ ਵਿਭਾਗੀ ਕਾਰਵਾਈ ਲਈ ਲਿਖ ਰਹੇ ਹਨ |