05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪਮਾਲ ਗੁਰਦੁਆਰਾ ਪ੍ਰੇਮ ਸਾਗਰ ’ਚ ਸੰਗਤ ਦੀ ਭਾਰੀ ਇਕੱਤਰਤਾ

ਅਜੀਤ ਡੈਸਕ 19-06-2026

* ਰਾਗੀ-ਢਾਡੀ, ਕਵੀਸ਼ਰੀ ਜਥਿਆਂ ਨੇ ਗੁਰੂ ਜਸ ਗਾਇਨ ਕੀਤਾ
ਮੁੱਲਾਂਪੁਰ-ਦਾਖਾ, 18 ਜੂਨ (ਨਿਰਮਲ ਸਿੰਘ ਧਾਲੀਵਾਲ)-ਗੁਰਦੁਆਰਾ ਪ੍ਰੇਮ ਸਾਗਰ (ਤਪ ਅਸਥਾਨ ਸੰਤ ਬਾਬਾ ਕਰੋੜਾ ਸਿੰਘ ਜੀ) ਪਿੰਡ ਪਮਾਲ ਜ਼ਿਲ੍ਹਾ ਲੁਧਿਆਣਾ ਦੀ ਪ੍ਰਬੰਧਕ ਕਮੇਟੀ ਵਲੋਂ ਨਗਰ ਦੇ ਸਹਿਯੋਗ ਨਾਲ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਆਰੰਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਦੀਵਾਨ ਸਜਾਇਆ ਗਿਆ, ਜਿਸ ਵਿਚ ਕੀਰਤਨੀਏ ਸਿੰਘਾਂ, ਢਾਡੀ, ਕਵੀਸ਼ਰ ਅਤੇ ਪ੍ਰਚਾਰਕਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਵਰਣਨ ਕੀਤਾ। ਬੀਬੀ ਸੰਦੀਪ ਕੌਰ ਖ਼ਾਲਸਾ ਦੇ ਢਾਡੀ ਜਥੇ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਸਮੇਂ ਨੂੰ ਵਾਰਾਂ ਰਾਹੀਂ ਵਖਿਆਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪਹਿਲਾਂ ਤੱਤੀ ਲੋਹ ‘ਤੇ ਬਿਠਾਇਆ, ਫਿਰ ਸੀਸ ਉੱਤੇ ਗਰਮ ਰੇਤ ਪਾਈ ਗਈ, ਉਬਲਦੀ ਤੇਗ ਵਿਚ ਬਿਠਾਇਆ ਗਿਆ, ਜਿਸ ਨਾਲ ਸ਼ਹੀਦਾਂ ਦੇ ਸਿਰਤਾਜ ਸ਼ਾਂਤ ਚਿੱਤ ਸਹਿਣ ਕਰਕੇ ਸਾਨੂੰ ਜੀਵਨ ਜਾਂਚ ਸਿਖਾ ਗਏ। ਪ੍ਰਬੰਧਕਾਂ ਦੇ ਸੱਦੇ ‘ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਸਮਾਗਮ ਵਿਚ ਉਚੇਚਾ ਪਹੁੰਚੇ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਨਤਮਸਤਕ ਹੋਏ। ਸੰਗਤ ਦੀ ਇਕੱਤਰਤਾ ਨੂੰ ਸੰਬੋਧਨ ਸਮੇਂ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਸ਼ਹੀਦਾਂ ਦੇ ਸਿਰਤਾਜ ਤੱਤੀਆਂ ਤਵੀਆਂ ‘ਤੇ ਬੈਠ ਕੇ ‘ਤੇਰਾ ਭਾਣਾ ਮੀਠਾ ਲਾਗੇ॥ ਉਚਾਰਨ ਕਰਨ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਇਸ ਅਸਥਾਨ ਉੱਪਰ ਨਗਰ ਦੀ ਸੰਗਤ ਵਲੋਂ ਪਿਛਲੇ ਕਰੀਬ 100 ਸਾਲ ਤੋਂ ਮਨਾਇਆ ਜਾਣਾ ਸਾਡੇ ਗੁਰੂਆਂ ਦਾ ਵੱਡਾ ਸਤਿਕਾਰ ਹੈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਪ੍ਰਧਾਨ ਖੁਸ਼ਮਿੰਦਰ ਸਿੰਘ, ਸੈਕਟਰੀ ਸੁਖਦੀਪ ਸਿੰਘ, ਖਜ਼ਾਨਚੀ ਹਰਦੇਵ ਸਿੰਘ, ਕਮੇਟੀ ਮੈਂਬਰ ਹਰਦੇਵ ਸਿੰਘ, ਜਸਵੀਰ ਸਿੰਘ ਭੋਲਾ, ਪਰਮਜੀਤ ਸਿੰਘ, ਜੰਗ ਬਹਾਦਰ ਸਿੰਘ, ਫੌਜ਼ੀ ਬਲਜੀਤ ਸਿੰਘ, ਹੋਰ ਪਤਵੰਤਿਆਂ ਵਲੋਂ ਐੱਮ.ਐੱਲ.ਏ1 ਮਨਪ੍ਰੀਤ ਸਿੰਘ ਇਯਾਲੀ ਦਾ ਸਨਮਾਨ ਕੀਤਾ ਗਿਆ।
ਇਯਾਲੀ ਵਲੋਂ ਪਮਾਲ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਲਈ ਇਕ ਲੱਖ ਦਾ ਯੋਗਦਾਨ
ਧਾਰਮਿਕ ਸਮਾਗਮ ਦੌਰਾਨ ਸੰਗਤ ਨੂੰ ਸੰਬੋਧਨ ਹੁੰਦਿਆਂ ਮਨਪ੍ਰੀਤ ਸਿੰਘ ਇਯਾਲੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਦਾ ਵਰਨਣ ਕੀਤਾ। ਇਯਾਲੀ ਨੇ ਕਿਹਾ ਕਿ ਗੁਰਦੁਆਰਾ ਪ੍ਰੇਮ ਸਾਗਰ ਪਮਾਲ ਦੇ ਪ੍ਰਬੰਧਕ ਨਗਰ ਦੇ ਸਹਿਯੋਗ ਨਾਲ ਦਹਾਕਿਆਂ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਂਦੇ ਹਨ, ਮੇਰੇ ਵਲੋਂ ਵੀ ਹਰ ਵਰ੍ਹੇ ਇਸ ਧਾਰਮਿਕ ਸਮਾਗਮ ‘ਚ ਹਾਜ਼ਰੀ ਭਰੀ ਜਾਂਦੀ ਹੈ। ਗੁਰਦੁਆਰਾ ਸਾਹਿਬ ਦੀ ਚੱਲ ਰਹੀ ਕਾਰ ਸੇਵਾ ਦਾ ਵਰਨਣ ਕਰਦਿਆਂ ਇਯਾਲੀ ਨੇ ਕਿਹਾ ਕਿ ਪ੍ਰਬੰਧਕਾਂ ਵਲੋਂ ਪਹਿਲਾਂ ਵੀ ਮੇਰੀ ਜੋ ਡਿਊਟੀ ਲਗਾਈ ਗਈ ਪੂਰੀ ਹੋਈ, ਅੱਜ ਇਸ ਕਾਰ ਸੇਵਾ ‘ਚ ਹੋਰ ਯੋਗਦਾਨ ਪਾਉਂਦਿਆਂ ਪ੍ਰਬੰਧਕਾਂ ਨੂੰ ਇਕ ਲੱਖ ਰੁਪਏ ਭੇਟ ਕਰਦਾਂ ਹਾਂ। ਸਮੁੱਚੀ ਕਮੇਟੀ ਵਲੋਂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਪ੍ਰਮੁੱਖ ਆਗੂ (ਵਿਧਾਇਕ) ਮਨਪ੍ਰੀਤ ਸਿੰਘ ਇਯਾਲੀ ਦਾ ਧੰਨਵਾਦ ਕਰਦਿਆਂ ਸਨਮਾਨ ਕੀਤਾ ਗਿਆ।

ਪਿਛਲੀ ਖ਼ਬਰ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਪੁਲਿਸ ਵਲੋਂ 22 ਨੂੰ ਤਲਬ ਅਗਲੀ ਖ਼ਬਰ ਪੰਜਾਬੀ ’ਵਰਸਿਟੀ ਵਿਖੇ ‘53ਵੀਂ ਆਲ ਇੰਡੀਆ ਦ੍ਰਾਵਿੜ ਭਾਸ਼ਾ ਵਿਗਿਆਨੀ ਕਾਨਫਰੰਸ’ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।