07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਭੂੰਦੜੀ ਵਿਖੇ ਮੂੰਗਫ਼ਲੀ ਦੀ ਡੈਮੋ ਬਿਜਾਈ ਕਰਵਾਈ

ਅਜੀਤ ਡੈਸਕ 03-06-2026
ਭੂੰਦੜੀ, 2 ਜੂਨ (ਕੁਲਦੀਪ ਸਿੰਘ ਮਾਨ)-ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ 'ਚੋਂ ਬਾਹਰ ਕੱਢ ਕੇ ਫ਼ਸਲੀ ਵਿਭਿੰਨਤਾ ਵੱਲ ਪ੍ਰੇਰਿਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਪਿੰਡ ਭੂੰਦੜੀ 'ਚ ਮੂੰਗਫਲੀ ਦੀ ਫ਼ਸਲ ਦੀ ਡੈਮੋ ਬਿਜਾਈ ਕਰਵਾਈ ਗਈ | ਅੱਜ ਸਰਕਲ ਭੂੰਦੜੀ ਬਲਾਕ ਸਿੱਧਵਾਂ ਬੇਟ ਅਧੀਨ ਪੈਂਦੇ ਪਿੰਡ ਭੂੰਦੜੀ ਦੇ ਗਰੇਵਾਲ ਫਾਰਮ 'ਚ ਕਿਸਾਨ ਲਖਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਬੀਰਮੀ ਦੇ ਖੇਤਾਂ ਵਿਚ 2.5 ਏਕੜ ਰਕਬੇ ਵਿਚ ਮੂੰਗਫਲੀ ਦੀ ਫ਼ਸਲ ਦੀ ਡੈਮੋ ਬਿਜਾਈ ਕੀਤੀ ਗਈ | ਇਹ ਉਪਰਾਲਾ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਰਮਿੰਦਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ | ਖੇਤੀਬਾੜੀ ਵਿਸਥਾਰ ਅਫ਼ਸਰ ਡਾ. ਸ਼ੇਰ ਅਜੀਤ ਸਿੰਘ ਮੰਡ ਵਲੋਂ ਮੂੰਗਫਲੀ ਦੀ ਬਿਜਾਈ ਸਬੰਧੀ ਤਕਨੀਕੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ ਤਾਂ ਜੋ ਕਿਸਾਨ ਝੋਨੇ ਅਤੇ ਕਣਕ ਦੇ ਰਵਾਇਤੀ ਚੱਕਰ ਤੋਂ ਬਾਹਰ ਨਿਕਲ ਕੇ ਘੱਟ ਪਾਣੀ ਵਾਲੀਆਂ ਅਤੇ ਵੱਧ ਮੁਨਾਫ਼ੇਦਾਇਕ ਫ਼ਸਲਾਂ ਦੀ ਕਾਸ਼ਤ ਵੱਲ ਧਿਆਨ ਦੇਣ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੀ ਸਲਾਹ ਅਨੁਸਾਰ ਬਦਲਵੀਂ ਫ਼ਸਲਾਂ ਦੀ ਕਾਸ਼ਤ ਅਪਣਾਉਣ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ | ਡੈਮੋ ਪਲਾਟਾਂ ਰਾਹੀਂ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਅਤੇ ਉੱਨਤ ਕਿਸਮਾਂ ਬਾਰੇ ਵਿਹਾਰਕ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸ ਨਾਲ ਹੋਰ ਕਿਸਾਨ ਵੀ ਪ੍ਰੇਰਿਤ ਹੋਣਗੇ | ਬਿਜਾਈ ਦੌਰਾਨ ਅਗਾਂਹਵਧੂ ਕਿਸਾਨ ਦਰਸ਼ਨ ਸਿੰਘ ਬੀਰਮੀ ਨੇ ਖੇਤੀਬਾੜੀ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਫ਼ਸਲੀ ਵਿਭਿੰਨਤਾ ਸਮੇਂ ਦੀ ਮੁੱਖ ਲੋੜ ਹੈ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰਹਿਣ ਦੇ ਨਾਲ-ਨਾਲ ਪਾਣੀ ਦੀ ਬਚਤ ਵੀ ਸੰਭਵ ਹੋ ਸਕੇਗੀ | ਇਸ ਮੌਕੇ ਹਾਜ਼ਰ ਕਿਸਾਨਾਂ ਨੂੰ ਮੂੰਗਫਲੀ ਦੀ ਫ਼ਸਲ ਦੀ ਬੀਜਾਈ, ਖਾਦਾਂ ਦੀ ਵਰਤੋਂ, ਨਦੀਨਾਂ ਦੀ ਰੋਕਥਾਮ ਅਤੇ ਕੀੜੇ-ਮਕੌੜਿਆਂ ਦੇ ਪ੍ਰਬੰਧਨ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਅਜਿਹੇ ਡੈਮੋ ਪ੍ਰਾਜੈਕਟ ਕਿਸਾਨਾਂ ਨੂੰ ਬਦਲਵੀਆਂ ਫ਼ਸਲਾਂ ਵੱਲ ਆਕਰਸ਼ਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੇ |
ਪਿਛਲੀ ਖ਼ਬਰ ਗੁਰਦੁਆਰਾ ਭਜਨਗੜ੍ਹ ਸਾਹਿਬ ਜਗਰਾਉਂ ਵਿਖੇ ਜੀਵਨ ਜਾਚ ਤੇ ਦਸਤਾਰ ਸਿਖਲਾਈ ਕੈਂਪ ਸ਼ੁਰੂ ਅਗਲੀ ਖ਼ਬਰ ਮੈਕਰੋ ਗਲੋਬਲ ਲੁਧਿਆਣਾ ਬ੍ਰਾਂਚ ਰਾਹੀਂ ਮਲੂਕ ਸਿੰਘ ਨੂੰ ਕੈਨੇਡਾ ਵਿਜ਼ਟਰ ਵੀਜ਼ਾ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।