ਗੁਰੂਸਰ ਸੁਧਾਰ, 16 ਮਈ (ਬਲਵਿੰਦਰ ਸਿੰਘ ਧਾਲੀਵਾਲ)-ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਵਲੋਂ ਦਿੱਤੇ ਗਏ ਸੱਦੇ ਤਹਿਤ 20 ਮਈ ਨੂੰ ਕੀਤੀ ਜਾ ਰਹੀ ਹੜਤਾਲ ਵਿਚ ਸਥਾਨਕ ਕਸਬਾ ਗੁਰੂਸਰ ਸੁਧਾਰ ਬਾਜ਼ਾਰ ਦੇ ਸਮੂਹ ਕੈਮਿਸਟ (ਦਵਾਈ ਵਿਕ੍ਰੇਤਾ) ਪੂਰਨ ਤੌਰ 'ਤੇ ਹਿੱਸਾ ਲੈਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਮਿਸਟ ਐਸੋਸੀਏਸ਼ਨ ਸੁਧਾਰ ਬਾਜ਼ਾਰ ਦੇ ਅਹੁਦੇਦਾਰਾਂ ਸੁਭਾਸ਼ ਜਿੰਦਲ, ਮਨਰਾਜ ਸਿੰਘ ਗਰੇਵਾਲ, ਰਮਨਦੀਪ ਸਿੰਘ ਧਾਲੀਵਾਲ, ਜਸਵੰਤ ਰਾਏ ਟੀਟੂ ਆਦਿ ਨੇ ਦੱਸਿਆ ਕਿ ਆਨਲਾਈਨ ਦਵਾਈਆਂ ਦੀ ਵਿਕਰੀ ਦੇ ਵਿਰੋਧ ਵਿਚ ਤੇ ਹੱਕੀ ਮੰਗਾਂ ਖਾਤਰ ਸਮੂਹ ਦਵਾਈ ਵਿਕ੍ਰੇਤਾ 20 ਮਈ ਦੀ ਹੜਤਾਲ ਦੌਰਾਨ ਆਪਣੀਆਂ ਦਵਾਈ ਦੀਆਂ ਦੁਕਾਨਾਂ ਪੂਰੇ ਦਿਨ ਲਈ ਬੰਦ ਰੱਖਣਗੇ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਮੂਹ ਕੈਮਿਸਟ ਆਪਣੀਆਂ ਬਾਹਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਆਪਣਾ ਰੋਸ ਵੀ ਪ੍ਰਗਟ ਕਰਨਗੇ |