ਹਠੂਰ, 29 ਮਾਰਚ (ਜਸਵਿੰਦਰ ਸਿੰਘ ਛਿੰਦਾ)-ਡਾ: ਭਾਗ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਕਰ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਪਿ੍ੰ. ਬੇਅੰਤ ਕੌਰ ਦੀ ਅਗਵਾਈ ਹੇਠ ਸ਼ਾਨਦਾਰ ਹੋ ਨਿਬੜਿਆ | ਜਿਸ ਵਿਚ ਮਰਹੂਮ ਖੇਤੀ ਵਿਗਿਆਨੀ ਡਾ. ਭਾਗ ਸਿੰਘ ਸਿੱਧੂ ਯੂ.ਐੱਸ.ਏ. ਦੇ ਪਰਿਵਾਰ ਵਲੋਂ ਰਛਪਾਲ ਸਿੰਘ ਚਕਰ ਰਾਹੀਂ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਪਹਿਲੀਆਂ ਤਿੰਨ ਪੁਜੀਸ਼ਨਾਂ ਅਤੇ ਖੇਡਾਂ 'ਚ ਪ੍ਰਾਪਤੀਆਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਨਕਦ ਰਾਸ਼ੀ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਵਿਚ ਸਾਬਕਾ ਏ.ਡੀ.ਸੀ. ਹਰਚਰਨ ਸਿੰਘ ਸੰਧੂ, ਇਤਿਹਾਸਕਾਰ ਪਿ੍ੰ. ਮੇਜਰ ਸਿੰਘ ਤਤਲਾ ਅਤੇ ਨਾਵਲਕਾਰ ਜਸਵਿੰਦਰ ਸਿੰਘ ਛਿੰਦਾ ਉੱਚੇਚੇ ਤੌਰ 'ਤੇ ਪੁੱਜੇ ਅਤੇ ਉਨ੍ਹਾਂ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਜਿੱਥੇ ਅੱਵਲ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਉੱਥੇ ਉਨ੍ਹਾਂ ਨੇ ਜੀਵਨ 'ਚ ਸਖ਼ਤ ਮਿਹਨਤ ਦੇ ਸ਼ਾਨਦਾਰ ਨਤੀਜਿਆਂ ਸਬੰਧੀ ਸਮੂਹ ਬੱਚਿਆਂ ਨੂੰ ਪ੍ਰੇਰਿਤ ਕੀਤਾ ਅਤੇ ਜ਼ਿੰਦਗੀ 'ਚ ਕੀ ਬਣਨਾ ਹੈ, ਨੂੰ ਹੁਣ ਤੋਂ ਹੀ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਕੇ ਮਿਹਨਤ ਕਰਨ ਦੀ ਨਸੀਹਤ ਦਿੱਤੀ | ਏ.ਡੀ.ਸੀ. ਹਰਚਰਨ ਸਿੰਘ ਸੰਧੂ ਨੇ ਇਸ ਮੌਕੇ ਡਾ. ਭਾਗ ਸਿੰਘ ਸਿੱਧੂ ਦੇ ਪਰਿਵਾਰ ਅਤੇ ਸ਼ਬਦ ਅਦਬ ਸਾਹਿਤ ਸਭਾ ਦੇ ਪ੍ਰਧਾਨ ਰਛਪਾਲ ਸਿੰਘ ਚਕਰ ਦਾ ਇਸ ਉਪਰਾਲੇ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਉਨ੍ਹਾਂ ਨੇ ਸਕੂਲੀ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਵੀ ਕੀਤੀ | ਪਿ੍ੰ. ਮੇਜਰ ਸਿੰਘ ਤਤਲਾ ਨੇ ਇਸ ਮੌਕੇ ਸਕੂਲ ਲਈ 5 ਹਜ਼ਾਰ ਰੁਪਏ ਮਾਇਕ ਸਹਾਇਤਾ ਪਿ੍ੰ. ਬੇਅੰਤ ਕੌਰ ਨੂੰ ਸੌਂਪੀ | ਇਸ ਮੌਕੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਤਕਰੀਬਨ 21 ਬੱਚਿਆਂ ਨੂੰ 21-21 ਸੌ ਰੁਪਏ ਨਕਦ ਇਨਾਮ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ | ਪਿ੍ੰ. ਬੇਅੰਤ ਕੌਰ ਨੇ ਇਸ ਮੌਕੇ ਦੱਸਿਆ ਕਿ ਡਾ. ਭਾਗ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਸਮੂਹ ਪਰਿਵਾਰ ਵਲੋਂ ਪਿੰਡ ਚਕਰ ਦੇ ਵਿਕਾਸ ਕਾਰਜਾਂ ਖਾਸਕਰ ਸਕੂਲ ਦੀ ਬਿਹਤਰੀ ਲਈ ਹਮੇਸ਼ਾ ਯੋਗਦਾਨ ਪਾਇਆ ਜਾ ਰਿਹਾ ਹੈ, ਜਿਸ ਲਈ ਉਹ ਉਨ੍ਹਾਂ ਦੇ ਧੰਨਵਾਦੀ ਹਨ | ਆਖ਼ਰ ਵਿਚ ਪ੍ਰਧਾਨ ਰਛਪਾਲ ਸਿੰਘ ਚਕਰ ਨੇ ਆਏ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਇਨਾਮ ਹਾਸਲ ਕਰਨ ਵਾਲੇ ਬੱਚਿਆਂ ਨੂੰ ਵਧਾਈਆਂ ਦਿੱਤੀਆਂ | ਸਟੇਜ਼ ਦੀ ਕਾਰਵਾਈ ਗੁਰਦੀਪ ਸਿੰਘ ਮਾਣੂੰਕੇ ਨੇ ਬਾਖੂਬੀ ਚਲਾਈ | ਇਸ ਮੌਕੇ ਸਰਪੰਚ ਸੋਹਣ ਸਿੰਘ ਚਕਰ, ਸਾਬਕਾ ਸਰਪੰਚ ਤੇਜ਼ਪ੍ਰਕਾਸ਼ ਲੰਮੇ ਅਤੇ ਸਮੂਹ ਸਟਾਫ਼ ਹਾਜ਼ਰ ਸੀ |