ਜਗਰਾਉਂ, 29 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)-ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ 113ਵੇਂ ਜਨਮ ਦਿਹਾੜੇ ਦੀ ਖੁਸ਼ੀ 'ਚ ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਅਗਵਾੜ ਲੋਪੋ ਜਗਰਾਉਂ ਵਿਖੇ 47ਵਾਂ ਸਮਾਗਮ ਕਰਵਾਇਆ ਗਿਆ | ਇਹ ਸਮਾਗਮ 46 ਵਰ੍ਹੇ ਪਹਿਲਾਂ ਸੱਚਖੰਡਵਾਸੀ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਵਲੋਂ ਕਰਵਾਉਣਾ ਸ਼ੁਰੂ ਕੀਤਾ ਸੀ ਜੋ ਹੁਣ ਉਨ੍ਹਾਂ ਤੋਂ ਵਰੋਸਾਏ ਅਤੇ ਸਪੁੱਤਰ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਵਲੋਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਕਰਵਾਇਆ ਜਾਂਦਾ ਹੈ | ਇਸ ਸਮਾਗਮ 'ਚ ਨਾਨਕਸਰ ਸੰਪਰਦਾਇ ਦੇ ਸੰਤ ਮਹਾਂਪੁਰਖਾਂ, ਕੀਰਤਨੀ, ਕਵੀਸ਼ਰੀ, ਢਾਡੀ ਜਥਿਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਿਰਕਤ ਕੀਤੀ | ਸਮਾਗਮ ਵਿਚ ਪ੍ਰਕਾਸ਼ ਕਰਵਾਏ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਦੀਵਾਨ ਸਜਾਏ ਗਏ | ਇਸ ਸਮਾਗਮ ਵਿਚ ਸੰਤ ਬਾਬਾ ਘਾਲਾ ਸਿੰਘ ਨਾਨਕਸਰ, ਸੰਤ ਬਾਬਾ ਭਾਗ ਸਿੰਘ ਨਾਨਕਸਰ, ਬਾਬਾ ਜੁਗਰਾਜ ਸਿੰਘ ਸੁਧਾਰਾ, ਬਾਬਾ ਸ਼ੁੱਧ ਸਿੰਘ ਟੂਸਿਆਂ ਵਾਲੇ, ਬਾਬਾ ਹਰਬੰਸ ਸਿੰਘ ਨਾਨਕਸਰ, ਬਾਬਾ ਸਤਿਨਾਮ ਸਿੰਘ ਸੀਸ ਮਹਿਲ, ਬਾਬਾ ਰਵਿੰਦਰ ਸਿੰਘ ਜੋਨੀ ਤਖਾਣਬੱਧ, ਬਾਬਾ ਬਲਵੰਤ ਸਿੰਘ ਸੁਖਮਨੀ ਵਾਲਿਆਂ ਆਦਿ ਨੇ ਸ਼ਿਰਕਤ ਕੀਤੀ | ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਕਿਹਾ ਕਿ ਕਿਸੇ ਦੇ ਬਾਣੇ ਨੂੰ ਦੇਖ ਕੇ ਸੰਤ ਮਹਾਂਪੁਰਖ ਨਹੀਂ ਆਖਿਆ ਜਾ ਸਕਦਾ ਬਲਕਿ ਮਹਾਂਪੁਰਖਾਂ ਦੇ ਜੀਵਨ ਵਿਚੋਂ ਬਾਣੀ ਦੀਆਂ ਸਿੱਖਿਆਵਾਂ ਮਹਿਸੂਸ ਹੋਣੀਆਂ ਚਾਹੀਦੀਆਂ ਹਨ | ਅਜਿਹੀਆਂ ਧਾਰਮਿਕ ਸਖ਼ਸੀਅਤਾਂ ਲੋਕਾਈ ਨੂੰ ਨਿੱਜ ਨਾਲ ਨਹੀਂ ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੀਆਂ ਹੈ | ਉਨ੍ਹਾਂ ਦੱਸਿਆ ਕਿ ਨਾਨਕਸਰ ਸੰਪਰਦਾਇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਮੰਨਦੀ ਅਤੇ ਇਸ ਦਾ ਦੇਸ਼-ਵਿਦੇਸ਼ ਅੰਦਰ ਪ੍ਰਚਾਰ ਵੀ ਕਰਦੀ ਹੈ | ਉਨ੍ਹਾਂ ਨਾਲ ਇਹ ਵੀ ਕਿਹਾ ਕਿ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲੇ ਸੱਚਖੰਡਵਾਸੀ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਵਲੋਂ ਕੀਤੇ ਜਾਂਦੇ ਧਾਰਮਿਕ ਤੇ ਸਮਾਜਿਕ ਕਾਰਜ਼ਾਂ ਨੂੰ ਬਾਖ਼ੂਬੀ ਨਾਲ ਕਰਵਾ ਰਹੇ ਹਨ | ਇਸ ਮੌਕੇ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਆਖਿਆ ਕਿ ਸੱਚਖੰਡ ਵਾਸੀ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੇ ਜੀਵਨ 'ਤੇ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੀਆਂ ਸਿੱਖਿਆਵਾਂ ਦਾ ਵੱਡਾ ਪ੍ਰਭਾਵ ਸੀ | ਉਨ੍ਹਾਂ ਨੇ ਗ੍ਰਹਿਸਤੀ ਜੀਵਨ ਵਿਚ ਹੋਣ ਦੇ ਬਾਵਜੂਦ ਪੂਰਾ ਜੀਵਨ ਧਾਰਮਿਕ ਮਾਰਗ 'ਤੇ ਪਹਿਰਾ ਦੇ ਕੇ ਬਤੀਤ ਕੀਤਾ | ਉਨ੍ਹਾਂ ਦੱਸਿਆ ਕਿ ਮਹਾਂਪੁਰਖਾਂ ਦੀ ਯਾਦ ਵਿਚ ਬਣਾਏ ਜਾ ਰਹੇ ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਦੀ ਅਗਵਾੜ ਲੋਪੋ ਜਗਰਾਉਂ ਵਿਖੇ ਉਸਾਰੀ ਚੱਲ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਅਸਥਾਨ ਦੀ ਇਮਾਰਤ ਆਧੁਨਿਕ ਸਹੂਲਤਾਂ ਵਾਲੀ ਹੋਵੇਗੀ | ਇਸ ਇਮਾਰਤ ਦਾ ਚੌਗਿਰਦਾ ਛਾਂਦਾਰ, ਫਲਦਾਰ ਅਤੇ ਫੁੱਲਦਾਰ ਬੂਟਿਆਂ ਨਾਲ ਸ਼ਿੰਗਾਰਿਆ ਜਾਵੇਗਾ | ਇੱਥੇ ਮੈਡੀਕਲ ਸਹੂਲਤਾਂ ਅਤੇ ਨੌਜਵਾਨ ਬੱਚੇ ਬੱਚੀਆਂ ਨੂੰ ਆਰਥਿਕ ਪੱਖੋਂ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਲਈ ਵੱਖ-ਵੱਖ ਮਾਨਤਾ ਪ੍ਰਾਪਤ ਕਿੱਤਿਆਂ ਦੇ ਸਿਖਲਾਈ ਕੈਂਪ ਵੀ ਲਗਾਏ ਜਾਇਆ ਕਰਨਗੇ | ਇਸ ਸਮਾਗਮ ਵਿਚ ਬਾਬਾ ਰਵਿੰਦਰ ਸਿੰਘ ਜੋਨੀ ਤਖਾਣਬੱਧ, ਭਾਈ ਗੁਰਜੰਟ ਸਿੰਘ ਝੰਡੇਵਾਲ, ਭਾਈ ਯਾਦਵਿੰਦਰ ਸਿੰਘ ਯਾਦੂ, ਭਾਈ ਸਤਿਨਾਮ ਸਿੰਘ, ਭਾਈ ਹਰਦੀਪ ਸਿੰਘ ਆਦਿ ਜਥਿਆਂ ਨੇ ਗੁਰਬਾਣੀ ਦਾ ਰਸਭਿੰਨ੍ਹਾਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਸਮਾਗਮ ਵਿਚ ਹਲਕਾ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ, ਚੇਅਰਮੈਨ ਕਰਮਜੀਤ ਸਿੰਘ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਕਾਂਗਰਸੀ ਆਗੂ ਕਮਲਜੀਤ ਸਿੰਘ ਬਰਾੜ ਆਦਿ ਨੇ ਵੀ ਆਪਣੇ ਵਿਚਾਰ ਰੱਖੇ | ਇਸ ਮੌਕੇ ਜਸਵਿੰਦਰ ਸਿੰਘ ਜੱਸੀ ਕੈਨੇਡਾ, ਜਸਕੀਰਤ ਸਿੰਘ ਤਲਵੰਡੀ ਕਲਾਂ, ਬਲਬੀਰ ਸਿੰਘ ਬੀਰਾ, ਗੁਰਮੇਲ ਸਿੰਘ, ਏ. ਐੱਸ. ਆਈ. ਗੁਲਜਾਰ ਸਿੰਘ, ਤੇਜਾ ਸਿੰਘ ਗਿੱਲ, ਗੁਰਸ਼ਰਨ ਸਿੰਘ ਦਾਖਾ, ਗੇਜਾ ਸਿੰਘ, ਜਸਵਿੰਦਰ ਸਿੰਘ ਬਿੰਦੀ, ਜੱਸਾ ਸਿੰਘ, ਅਮਨਦੀਪ ਸਿੰਘ ਹੈਪੀ, ਦਲੇਰ ਸਿੰਘ ਲੁਧਿਆਣਾ, ਮਨਦੀਪ ਸਿੰਘ ਮੰਨੀ ਕੈਲਪੁਰ, ਪ੍ਰੇਮ ਸਿੰਘ ਧਾਲੀਵਾਲ, ਹਰੀ ਸਿੰਘ ਧਾਲੀਵਾਲ, ਮਨਜੀਤ ਸਿੰਘ, ਪਰਮਜੀਤ ਸਿੰਘ, ਅਸ਼ੋਕ ਕੁਮਾਰ, ਅਵਤਾਰ ਸਿੰਘ ਬਿੱਟਾ, ਜਰਨੈਲ ਸਿੰਘ ਜੋਧਾਂ, ਹਰਬੰਸ ਸਿੰਘ ਭੱਟੀਆਂ, ਦੇਵਦੱਤ ਕਪੂਰ, ਗੋਰਵ ਕਪੂਰ, ਕੁਲਵੰਤ ਸਿੰਘ, ਗੁਰਿੰਦਰ ਸਿੰਘ, ਬਾਬਾ ਤੋਤਾ ਰਾਮ ਵੈੱਲਫੇਅਰ ਕਲੱਬ ਚੂਹੜਚੱਕ ਦੇ ਮੈਂਬਰ ਵੀ ਹਾਜ਼ਰ ਸਨ |