28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਰਾਏਕੋਟ ਟ੍ਰੈਫ਼ਿਕ ਪੁਲਿਸ ਦੇ ਇੰਚਾਰਜ ਦਾ ਜ਼ਬਰੀ ਐਂਟਰੀ ਵਸੂਲਣ ਦਾ ਭਾਂਡਾ ਫੁੱਟਿਆ

ਅਜੀਤ ਡੈਸਕ 26-03-2026
• ਨਾਕਾਬੰਦੀ ਲਗਾ ਕੇ ਵਾਹਨ ਚਾਲਕਾਂ ਤੋਂ ਵਸੂਲੀਆਂ ਜਾਂਦੀਆਂ ਸਨ ਮੋਟੀਆਂ ਰਕਮਾਂ
• ਐੱਸ.ਐੱਸ.ਪੀ. ਗੁਪਤਾ ਵਲੋਂ ਉਕਤ ਦੋਵੇਂ ਪੁਲਿਸ ਮੁਲਾਜ਼ਮ ਲਾਈਨ-ਹਾਜ਼ਰ
ਰਾਏਕੋਟ, 25 ਮਾਰਚ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਦੇ ਟ੍ਰੈਫ਼ਿਕ ਪੁਲਿਸ ਦੇ ਇੰਚਾਰਜ ਤੇ ਹੋਰ ਮੁਲਾਜ਼ਮ ਵਲੋਂ ਰਾਏਕੋਟ-ਬਰਨਾਲਾ ਰੋਡ 'ਤੇ ਨਾਕਾ ਲਗਾ ਕੇ ਵਸੂਲੀ ਜਾਂਦੀ ਐਂਟਰੀ ਫੀਸ ਦੀ ਸ਼ੋਸ਼ਲ ਮੀਡੀਆ 'ਤੇ ਵੀਡੀਓ ਕਲਿੱਪ ਨੇ ਜਿੱਥੇ ਹੜਕੰਪ ਮਚਾਇਆ ਹੋਇਆ ਹੈ, ਉੱਥੇ ਹੀ ਇਨ੍ਹਾਂ ਮੁਲਾਜ਼ਮਾਂ ਤੋਂ ਪੀੜ੍ਹਤ ਲੋਕਾਂ ਵੱਲੋਂ ਪੁਲਿਸ ਅਧਿਕਾਰੀਆਂ ਤੋਂ ਇਸ ਮਾਮਲੇ 'ਚ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ | ਇਸ ਵੀਡੀਓ ਦੀ ਸ਼ੁਰੂਆਤੀ ਜਾਂਚ ਦੌਰਾਨ ਕਾਰਵਾਈ ਕਰਦਿਆਂ ਐੱਸ.ਐੱਸ.ਪੀ ਲੁਧਿਆਣਾ ਦਿਹਾਤੀ ਵਲੋਂ ਉਕਤ ਟੈ੍ਰਫ਼ਿਕ ਪੁਲਿਸ ਦੇ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਦੱਸਿਆ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਰਾਏਕੋਟ-ਬਰਨਾਲਾ ਰੋਡ 'ਤੇ ਰਾਏਕੋਟ ਟ੍ਰੈਫ਼ਿਕ ਪੁਲਿਸ ਦੇ ਏ.ਐੱਸ.ਆਈ ਸਿਕੰਦਰ ਸਿੰਘ ਤੇ ਪੰਜਾਬ ਹੋਮਗਾਰਡ ਦੇ ਜਵਾਨ ਜਸਵੀਰ ਸਿੰਘ ਨੇ ਨਾਕਾ ਲਗਾਇਆ ਹੋਇਆ ਸੀ, ਜਿਸ ਦੌਰਾਨ ਉਨ੍ਹਾਂ ਵਲੋਂ ਇਸ ਰੋਡ ਤੋਂ ਲੰਘ ਰਹੀਆਂ ਗੱਡੀਆਂ ਤੋਂ ਐਂਟਰੀ ਟੈਕਸ ਵਸੂਲਿਆ ਜਾ ਰਿਹਾ ਸੀ | ਜਿਸ ਗੱਡੀ ਦੇ ਚਾਲਕ ਵਲੋਂ ਐਂਟਰੀ ਟੈਕਸ ਦੇਣ ਤੋਂ ਇਨਕਾਰ ਕੀਤਾ ਜਾਂਦਾ ਤਾਂ ਉਨ੍ਹਾਂ ਚਾਲਕਾਂ ਨੂੰ ਡਰਾਵਾ ਦੇ ਕੇ ਮੋਟੀਆਂ ਰਕਮਾਂ ਵਸੂਲੀਆਂ ਜਾਂਦੀਆਂ ਹਨ | ਆਮ ਤੌਰ 'ਤੇ ਰੋਜ਼ਾਨਾ ਦੇਖਣ ਨੂੰ ਮਿਲਦਾ ਰਹਿੰਦਾ ਸੀ ਕਿ ਰਾਏਕੋਟ ਟ੍ਰੈਫ਼ਿਕ ਪੁਲਿਸ ਦੇ ਮੁਲਾਜ਼ਮਾਂ ਵਲੋਂ ਫਿਲਮੀ ਸਟਾਈਲ 'ਚ ਨਾਕਾ ਲਗਾ ਕੇ ਜ਼ਬਰਨ ਵਸੂਲੀ ਕੀਤੀ ਜਾਂਦੀ ਸੀ |
ਇਸੇ ਦੌਰਾਨ ਹੀ ਕਿਸੇ ਪੀੜਤ ਰਾਹਗੀਰ ਵਲੋਂ ਵੀਡੀਓ ਬਣਾ ਲਈ ਗਈ ਅਤੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਪਰ ਵਾਈਰਲ ਕਰ ਦਿੱਤਾ, ਜੋ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਈਰਲ ਹੋਈ ਇਹ ਵੀਡੀਓ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ ਡਾ. ਅੰਕੁਰ ਗੁਪਤਾ ਦੇ ਧਿਆਨ ਵਿਚ ਆਈ ਤਾਂ ਉਨ੍ਹਾਂ ਵਲੋਂ ਇਸ ਦੀ ਸ਼ੁਰੂਆਤੀ ਜਾਂਚ ਦੇ ਨਾਲ-ਨਾਲ ਦੋਵੇਂ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ | ਜਿਸ ਦੀ ਪੁਸ਼ਟੀ ਕਰਦਿਆਂ ਜਗਰਾਉਂ ਦੇ ਡੀ.ਐੱਸ.ਪੀ (ਐੱਚ) ਗੋਪਾਲ ਕਿ੍ਸ਼ਨ ਨੇ ਕਿਹਾ ਕਿ ਐੱਸ.ਐੱਸ.ਪੀ ਡਾ. ਅੰਕੁਰ ਗੁਪਤਾ ਵਲੋਂ ਉਕਤ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰਨ ਦੇ ਨਾਲ-ਨਾਲ ਹੀ ਉਨ੍ਹਾਂ ਖਿਲਾਫ਼ ਵਿਭਾਗੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ | ਇਸ ਜਾਂਚ ਦੌਰਾਨ ਜਿਸ ਤਰ੍ਹਾਂ ਦੀ ਗੱਲ ਸਾਹਮਣੇ ਆਵੇਗੀ, ਉਸ ਦੇ ਅਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਮੰਨਿਆ ਕਿ ਹੁਣ ਤੱਕ ਕੀਤੀ ਗਈ ਜਾਂਚ ਪੜਤਾਲ ਵਿਚ ਉਕਤ ਮੁਲਾਜ਼ਮਾਂ ਵਲੋਂ ਨਾਕਾਬੰਦੀ ਲਗਾ ਕੇ ਚੈਕਿੰਗ ਦੇ ਨਾਲ-ਨਾਲ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜ਼ਾਮ ਦੇ ਰਹੇ ਸਨ, ਜਿਸ 'ਤੇ ਇਹ ਐਕਸ਼ਨ ਲਿਆ ਗਿਆ ਹੈ |
ਪਿਛਲੀ ਖ਼ਬਰ ਬੜੂੰਦੀ 'ਚ ਮੋਟਰਾਂ ਵਾਲੇ 4 ਟਰਾਂਸਫਰਮਰ ਚੋਰੀ ਅਗਲੀ ਖ਼ਬਰ ਸੀ.ਬੀ.ਆਈ. ਜਾਂਚ ਤੋਂ ਬਚਣ ਲਈ ਭੁੱਲਰ ਦੀ ਗਿ੍ਫ਼ਤਾਰੀ ਕਰਵਾਈ ਗਈ-ਕਾਂਗਰਸ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।