ਸੀ.ਬੀ.ਆਈ. ਜਾਂਚ ਤੋਂ ਬਚਣ ਲਈ ਭੁੱਲਰ ਦੀ ਗਿ੍ਫ਼ਤਾਰੀ ਕਰਵਾਈ ਗਈ-ਕਾਂਗਰਸ ਆਗੂ
ਅਜੀਤ ਡੈਸਕ
26-03-2026
ਭੂੰਦੜੀ, 25 ਮਾਰਚ (ਕੁਲਦੀਪ ਸਿੰਘ ਮਾਨ)-ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ, ਕਾਂਗਰਸ ਦੇ ਸੀਨੀਅਰ ਆਗੂ ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ ਅਤੇ ਸਾਬਕਾ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਗਿ੍ਫ਼ਤਾਰੀ ਇਕ ਸੋਚੀ-ਸਮਝੀ ਚਾਲ ਹੈ, ਜੋ ਸੀ.ਬੀ.ਆਈ. ਜਾਂਚ ਤੋਂ ਬਚਣ ਲਈ ਕੀਤੀ ਗਈ ਹੈ | ਆਗੂਆਂ ਨੇ ਕਿਹਾ ਕਿ ਵੇਅਰ ਹਾਊਸ ਦੇ ਜੀ.ਐੱਮ. ਗਗਨਦੀਪ ਸਿੰਘ ਰੰਧਾਵਾ ਨੂੰ ਮੰਤਰੀ ਵਲੋਂ ਸਰੀਰਕ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਖ਼ੁਦਕੁਸ਼ੀ ਵਰਗਾ ਕਦਮ ਚੁੱਕਣ ਲਈ ਮਜ਼ਬੂਰ ਹੋਣਾ ਪਿਆ | ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਿਰਫ਼ ਖ਼ੁਦਕੁਸ਼ੀ ਨਹੀਂ, ਸਗੋਂ ਇਕ ਸੋਚਿਆ-ਸਮਝਿਆ ਕਤਲ ਹੈ | ਉਨ੍ਹਾਂ ਦਾਅਵਾ ਕੀਤਾ ਕਿ ਰੰਧਾਵਾ ਨੂੰ ਮੰਤਰੀ ਦੇ ਘਰ ਬੁਲਾਇਆ ਗਿਆ, ਜਿੱਥੇ ਉਨ੍ਹਾਂ ਨਾਲ ਤਸ਼ੱਦਦ ਕੀਤਾ ਗਿਆ ਅਤੇ ਪਿਸਤੌਲ ਦੀ ਨੋਕ 'ਤੇ ਝੂਠੇ ਬਿਆਨ ਦਰਜ ਕਰਵਾਏ ਗਏ | ਇਸ ਤੋਂ ਇਲਾਵਾ, ਉਨ੍ਹਾਂ ਦੇ ਪਰਿਵਾਰ, ਖ਼ਾਸ ਕਰਕੇ ਛੋਟੀਆਂ ਧੀਆਂ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ | ਕਾਂਗਰਸ ਆਗੂਆਂ ਨੇ ਕਿਹਾ ਕਿ ਜਦੋਂ ਸਰਕਾਰ ਨੂੰ ਅਹਿਸਾਸ ਹੋਇਆ ਕਿ ਮਾਮਲਾ ਸੀ.ਬੀ.ਆਈ. ਨੂੰ ਸੌਂਪਿਆ ਜਾ ਸਕਦਾ ਹੈ ਅਤੇ ਇਸ ਨਾਲ ਕਈ ਭੇਤ ਖੁੱਲ੍ਹ ਸਕਦੇ ਹਨ ਤਾਂ ਮੰਡੀ ਗੋਬਿੰਦਗੜ੍ਹ 'ਚ ਗਿ੍ਫ਼ਤਾਰੀ ਦਿਖਾ ਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਆਗੂ ਇਸ ਮਾਮਲੇ ਨੂੰ ਵੀ ਸਿਆਸੀ ਲਾਭ ਲਈ ਵਰਤ ਰਹੇ ਹਨ, ਜਦਕਿ ਭੁੱਲਰ ਇਸ ਨੂੰ 'ਆਤਮ-ਸਮਰਪਣ' ਵਜੋਂ ਪੇਸ਼ ਕਰ ਰਹੇ ਹਨ | ਆਖਿਰ 'ਚ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਇਸ ਦਾ ਜਵਾਬ ਦੇਣ ਲਈ ਤਿਆਰ ਬੈਠੇ ਹਨ |