ਹਲਵਾਰਾ, 21 ਜਨਵਰੀ (ਮਨਦੀਪ ਸਿੰਘ ਉੱਭੀ)-ਬਿਜਲੀ ਬੋਰਡ ਦੇ ਸੇਵਾਮੁਕਤ ਹੈੱਡ ਡਰਾਫਟਸਮੈਨ ਅਵਤਾਰ ਸਿੰਘ ਬੜੈਚ ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਸ੍ਰੀ ਸਹਿਜ ਪਾਠ ਸਾਹਿਬ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਬੜੈਚ ਪਰਿਵਾਰ ਵਲੋਂ ਆਪਣੇ ਗ੍ਰਹਿ ਪਿੰਡ ਬੜੈਚ ਵਿਖੇ ਪਾਏ ਗਏ | ਇਸ ਉਪਰੰਤ ਗ੍ਰਹਿ ਵਿਖੇ ਹੀ ਸ਼ਰਧਾਂਜਲੀ ਸਮਾਗਮ ਹੋਇਆ | ਇਸ ਮੌਕੇ ਬਾਬਾ ਗੁਰਜੰਟ ਸਿੰਘ, ਬਾਬਾ ਆਗਿਆਪਾਲ ਸਿੰਘ ਨਾਨਕਸਰ ਕਲੇਰਾਂ ਅਤੇ ਭਾਈ ਰੁਪਿੰਦਰ ਸਿੰਘ ਤੇ ਭਾਈ ਭਗਵੰਤ ਸਿੰਘ ਗੁਰਦੁਆਰਾ ਗੁਰੂਸਰ ਸੁਧਾਰ ਵਲੋਂ ਗੁਰਬਾਣੀ ਦਾ ਵੈਰਾਗਮਈ ਕੀਰਤਨ ਕੀਤਾ ਗਿਆ | ਭਾਈ ਰਵਿੰਦਰਪਾਲ ਸਿੰਘ ਕਥਾਵਾਚਕ ਗੁਰਦਆਰਾ ਸਾਹਿਬ ਗੁਰੂਸਰ ਸੁਧਾਰ ਵਲੋਂ ਸ਼ਬਦ ਦੀ ਵਿਆਖਿਆ ਕਰਨ ਸਮੇਤ ਗੁਰ-ਇਤਿਹਾਸ ਨਾਲ ਜੋੜਿਆ ਗਿਆ | ਵਿਧਾਇਕ ਹਾਕਮ ਸਿੰਘ ਠੇਕੇਦਾਰ ਹਲਕਾ ਰਾਏਕੋਟ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ, ਸਾਬਕਾ ਸੰਸਦੀ ਸਕੱਤਰ ਇੰਜੀਨੀਅਰ ਬਿਕਰਮਜੀਤ ਸਿੰਘ ਖ਼ਾਲਸਾ ਅਤੇ ਸਾਬਕਾ ਚੇਅਰਮੈਨ ਬਲਾਕ ਸੰਮਤੀ, ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਬਲਦੇਵ ਸਿੰਘ ਬੀੜ ਗਗੜਾ, ਗੁਰਦੁਆਰਾ ਪ੍ਰਧਾਨ ਚਰਨਜੀਤ ਸਿੰਘ ਬੜੈਚ, ਜਗਜੀਤ ਸਿੰਘ ਸਰੋਏ ਆਈ.ਜੀ. ਜਲੰਧਰ ਪੰਜਾਬ ਪੁਲਿਸ, ਪ੍ਰੋਫੈਸਰ ਬਲਵਿੰਦਰ ਸਿੰਘ ਚੌਕੀਮਾਨ ਆਦਿ ਨੇ ਸਵ: ਅਵਤਾਰ ਸਿੰਘ ਬੜੈਚ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਸਮੇਂ ਗੁਰਦੁਆਰਾ ਗੁਰੂਸਰ ਸੁਧਾਰ ਦੇ ਮੈਨੇਜਰ ਅਮਰੀਕ ਸਿੰਘ, ਨਿਰਮਲ ਸਿੰਘ ਹਲਵਾਰਾ, ਮੇਹਰ ਸਿੰਘ ਧਾਲੀਵਾਲ, ਸਰਪੰਚ ਦਲਜੀਤ ਸਿੰਘ ਬੜੈਚ, ਸਾਬਕਾ ਚੇਅਰਮੈਨ ਤਰਸੇਮ ਸਿੰਘ ਚਚਰਾੜੀ, ਜਸਵੀਰ ਸਿੰਘ ਸਰਕਲ ਜਥੇਦਾਰ ਹਲਕਾ ਪਾਇਲ, ਗੁਰਸ਼ਰਨ ਸਿੰਘ ਗੁਰੀ ਬੜੈਚ, ਸੁਖਵਿੰਦਰ ਸਿੰਘ ਸੁੱਖਾ ਬੜੈਚ, ਮਾ. ਦਰਸ਼ਨ ਸਿੰਘ ਬੜੈਚ, ਜਥੇਦਾਰ ਬਹਾਦਰ ਸਿੰਘ, ਜਸਪ੍ਰੀਤ ਸਿੰਘ ਜੱਸਾ ਭੱਠੇ ਵਾਲਾ, ਸੁਖਦੇਵ ਸਿੰਘ ਕੋਲਡ ਸਟੋਰ, ਅਜੀਤਪਾਲ ਸਿੰਘ ਹੇਰਾਂ ਵਾਲਿਆਂ ਸਮੇਤ ਇਲਾਕੇ ਅਤੇ ਨਗਰ ਦੀਆਂ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਨੇ ਆਪਣੀ ਹਾਜ਼ਰੀ ਭਰੀ | ਸਟੇਜ਼ ਸਕੱਤਰ ਦੀ ਸੇਵਾ ਧਰਮਪਾਲ ਸਿੰਘ ਹੇਰਾਂ ਨੇ ਨਿਭਾਈ | ਸਵ: ਅਵਤਾਰ ਸਿੰਘ ਦੇ ਪੰਜੇ ਸਪੁੱਤਰ ਸਾਬਕਾ ਸਰਪੰਚ ਪਰਮਜੀਤ ਸਿੰਘ, ਬੇਅੰਤ ਸਿੰਘ, ਹਰਵਿੰਦਰ ਸਿੰਘ, ਸਰਬਜੀਤ ਸਿੰਘ, ਗੁਰਮੋਹਣ ਸਿੰਘ ਨੇ ਪਿਤਾ ਦੀ ਯਾਦ ਵਿਚ ਪੰਜੇ ਤਖ਼ਤ ਸਾਹਿਬਾਨ ਨੂੰ ਮਾਇਆ ਭੇਟ ਕੀਤੀ | ਪਿੰਡ ਦੇ ਗੁਰਦੁਆਰਾ ਸਾਹਿਬ ਲਈ ਨਵੇਂ ਨਿਸ਼ਾਨ ਸਾਹਿਬ ਲਈ ਅਤੇ ਪਿੰਡ ਦੇ ਲੋੜਵੰਦ ਪਰਿਵਾਰਾਂ, ਲੜਕੀਆਂ ਦੇ ਵਿਆਹ ਲਈ ਮਾਇਆ ਦਿੱਤੀ ਗਈ | ਇਸ ਸਮੇਂ ਸਮੂਹ ਬੜੈਚ ਪਰਿਵਾਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |