ਬੁੱਲ੍ਹੋਵਾਲ, 29 ਮਾਰਚ (ਲੁਗਾਣਾ)-ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲ ਵਿਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਦੀ ਲੜੀ 'ਚ ਦੋ ਇੰਟਰ ਐਕਟਿਵ ਪੈਨਲ ਅਤੇ ਪੰਜ ਆਧੁਨਿਕ ਕੰਪਿਊਟਰ ਸਰਕਾਰੀ ਹਾਈ ਸਕੂਲ ਨੰਦਾਚੌਰ ਨੂੰ ਦਿੱਤੇ ਗਏ, ਜਿਸ ਦਾ ਉਦਘਾਟਨ ਜ਼ਿਲ੍ਹਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ ਵਲੋਂ ਕੀਤਾ ਗਿਆ | ਇਹ ਸਮਾਗਮ ਸਕੂਲ ਮੁਖੀ ਸ਼੍ਰੀ ਰਾਜ ਕੁਮਾਰ ਦੀ ਅਗਵਾਈ ਵਿਚ ਕਰਵਾਇਆ ਗਿਆ, ਜਿਸ ਵਿਚ ਸਕੂਲ ਦਾ ਸਾਲਾਨਾ ਨਤੀਜਾ ਵੀ ਐਲਾਨਿਆ ਗਿਆ | ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ ਨੇ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਵਚਨਬੱਧ ਹੈ, ਜਿਸ ਤਹਿਤ ਸਕੂਲਾਂ ਸਰਕਾਰੀ ਸਕੂਲਾਂ ਨੂੰ ਅਤਿ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਇਸ ਮੌਕੇ ਉਨ੍ਹਾਂ ਵੱਖ-ਵੱਖ ਜਮਾਤਾਂ 'ਚੋਂ ਪਹਿਲੇ, ਦੂਜੇ, ਤੀਜੇ ਦਰਜੇ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਸਕੂਲ ਮੁਖੀ ਰਾਜ ਕੁਮਾਰ ਵਲੋਂ ਮੁੱਖ ਮਹਿਮਾਨ ਨੂੰ ਜੀ ਆਇਆ ਕਹਿੰਦੇ ਹੋਏ ਮਾਪਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਅਤੇ ਸਮੂਹ ਸਕੂਲ ਸਟਾਫ਼ ਵੀ ਹਾਜ਼ਰ ਸੀ |