ਹੁਸ਼ਿਆਰਪੁਰ, 26 ਮਾਰਚ (ਨਰਿੰਦਰ ਸਿੰਘ ਬੱਡਲਾ)-ਸ੍ਰੀ ਰਾਮਨੌਮੀ ਦੇ ਸੰਬੰਧ 'ਚ ਸ੍ਰੀ ਸਨਾਤਨ ਧਰਮ ਸਭਾ ਵਲੋਂ ਮਹੰਤ ਰਮਿੰਦਰ ਦਾਸ ਡੇਰਾ ਬਹਾਦਰਪੁਰ ਵਾਲਿਆਂ ਦੀ ਅਗਵਾਈ 'ਚ ਸ਼ਹਿਰ 'ਚ ਸ਼ੋਭਾ ਯਾਤਰਾ ਕੱਢੀ ਗਈ | ਸ਼ੋਭਾ ਯਾਤਰਾ ਦੀ ਆਰੰਭਤਾ ਸ੍ਰੀ ਸਨਾਤਨ ਧਰਮ ਸੀਨੀਅਰ ਸੈਕੰਡਰੀ ਸਕੂਲ ਬੈਂਕ ਬਾਜ਼ਾਰ ਤੋਂ ਹੋਈ, ਜੋ ਸ਼ਹਿਰ ਦੇ ਮੁੱਖ ਬਾਜ਼ਾਰਾਂ ਤੋਂ ਹੁੰਦੀ ਹੋਈ ਦੇਰ ਸ਼ਾਮ ਸਮਾਪਤ ਹੋਈ | ਸ਼ੋਭਾ ਯਾਤਰਾ ਦੌਰਾਨ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਨੂੰ ਦਰਸਾਉਂਦੀਆਂ ਸੁੰਦਰ ਝਾਕੀਆਂ ਪੇਸ਼ ਕੀਤੀਆਂ ਗਈਆਂ ਅਤੇ ਸ੍ਰੀ ਹਰੀ ਨਾਮ ਸੰਕੀਰਤਨ ਮੰਡਲੀ ਬਹਾਦਰਪੁਰ ਸਮੇਤ ਸ਼ਹਿਰ ਦੀਆਂ ਵੱਖ-ਵੱਖ ਭਜਨ ਮੰਡਲੀਆਂ ਨੇ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕੀਤਾ | ਸ਼ੋਭਾ ਯਾਤਰਾ 'ਚ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਸੰਗਠਨਾਂ ਦੇ ਆਗੂਆਂ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰੀ | ਸ਼ੋਭਾ ਯਾਤਰਾ ਦਾ ਸ਼ਹਿਰ ਦੇ ਵੱਖ-ਵੱਖ ਪੜਾਵਾਂ ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਲਈ ਛਕਣ ਲਈ ਲੰਗਰ ਵੀ ਲਗਾਏ ਗਏ | ਇਸ ਮੌਕੇ ਸਭਾ ਦੇ ਪ੍ਰਧਾਨ ਐਡ. ਸਚਿਨ ਮਲਹੋਤਰਾ, ਜਨਰਲ ਸਕੱਤਰ ਬਿੰਦੂ ਸਾਰ ਸ਼ੁਕਲਾ, ਸ਼ਸ਼ੀ ਕਮਲ ਭਾਰਦਵਾਜ, ਸੀਨੀਅਰ ਮੀਤ ਪ੍ਰਧਾਨ ਮਾ ਸਤਪਾਲ ਗੁਪਤਾ, ਪੰਡਿਤ ਕਮਲੇਸ਼ ਸ਼ਰਮਾ, ਮੀਤ ਪ੍ਰਧਾਨ ਸ਼ਾਮ ਸੁੰਦਰ ਮੋਦਗਿਲ ਵੱਲੋਂ ਸ਼ੋਭਾ ਯਾਤਰਾ 'ਚ ਆਏ ਹੋਏ ਪ੍ਰਮੁੱਖ ਵਿਅਕਤੀਆਂ ਦਾ ਸਨਮਾਨ ਵੀ ਕੀਤਾ | ਸ਼ੋਭਾ ਯਾਤਰਾ 'ਚ ਸਾਬਕਾ ਸਾਂਸਦ ਅਵਿਨਾਸ਼ ਰਾਏ ਖੰਨਾ, ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ, | ਜ਼ਿਲ੍ਹਾ ਯੋਜਨਾਂ ਬੋਰਡ ਦੀ ਚੇਅਰਪਰਸਨ ਕਰਮਜੀਤ ਕੌਰ, ਜ਼ਿਲ੍ਹਾ ਪ੍ਰਧਾਨ ਭਾਜਪਾ ਨਿਪੁੰਨ ਸ਼ਰਮਾ, ਸਾਬਕਾ ਮੇਅਰ ਸ਼ਿਵ ਸੂਦ, ਮੋਹਨ ਲਾਲ ਪਹਿਲਵਾਨ, ਗੋਪੀ ਚੰਦ ਕਪੂਰ, ਯਸ਼ਪਾਲ ਸ਼ਰਮਾ, ਰਮੇਸ਼ ਭਾਰਦਵਾਜ, ਹਰੀਸ਼ ਅਨੰਦ, ਅਸ਼ਵਨੀ ਛੋਟਾ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |