ਰਾਮਗੜ੍ਹ ਸੀਕਰੀ, 26 ਮਾਰਚ (ਕਟੋਚ)-ਦੌਲਤਪੁਰ ਚੌਕ-ਕਰਟੋਲੀ ਨਵਨਿਰਮਿਤ ਰੇਲਵੇ ਲਾਈਨ ਦਾ ਆਖ਼ਰੀ ਨਿਰੀਖਣ ਰੇਲਵੇ ਸੁਰੱਖਿਆ ਆਯੋਗ ਦੀ ਟੀਮ ਕਰੇਗੀ ਜਿਸ ਤੋਂ ਬਾਅਦ ਇਸ ਰੇਲ ਲਾਈਨ ਦੀ ਰਸਮੀ ਮਨਜ਼ੂਰੀ ਮਿਲੇਗੀ | ਰੇਲਵੇ ਸੂਤਰਾਂ ਤੋਂ ਹਾਸਲ ਜਾਣਕਾਰੀ ਅਨੁਸਾਰ ਰੇਲਵੇ ਸੁਰੱਖਿਆ ਆਯੋਗ ਦੀ ਟੀਮ ਅੱਜ 27 ਮਾਰਚ ਅਤੇ ਕੱਲ੍ਹ 28 ਮਾਰਚ ਨੂੰ ਇਸ ਲਾਈਨ ਦਾ ਆਖ਼ਰੀ ਨਿਰੀਖਣ ਕਰੇਗੀ ਜਿਸ ਤੋਂ ਬਾਅਦ ਇਸ ਲਾਈਨ ਦੀ ਰਸਮੀ ਮਨਜ਼ੂਰੀ ਮਿਲਣ ਦਾ ਰਾਹ ਪੱਧਰਾ ਹੋ ਜਾਵੇਗਾ | ਜਾਣਕਾਰੀ ਅਨੁਸਾਰ ਰੇਲਵੇ ਵਲੋਂ ਇਸ ਲਾਈਨ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਜਾ ਚੁੱਕਿਆ ਹੈ ਜਿਸ ਅਧੀਨ ਕਰੀਬ 110 ਕਿੱਲੋਮੀਟਰ ਪ੍ਰਤੀ ਘੰਟੇ ਦੀ ਦਰ ਨਾਲ ਦੋ ਇੰਜਨਾਂ ਨੂੰ ਇਸ ਲਾਈਨ ਤੇ ਦੌੜਾਇਆ ਗਿਆ ਸੀ | ਇੱਥੇ ਇਹ ਜ਼ਿਕਰਯੋਗ ਹੈ ਕਿ ਕਿਸੀ ਨਵੀਂ ਰੇਲਵੇ ਲਾਈਨ ਨੂੰ ਸ਼ੁਰੂ ਕਰਨ ਤੋ ਪਹਿਲਾਂ ਰੇਲਵੇ ਸੁਰੱਖਿਆ ਆਯੋਗ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੈ ਜਿਸ ਤੋਂ ਬਾਅਦ ਹੀ ਕਿਸੇ ਵੀ ਰੇਲਵੇ ਲਾਈਨ ਨੂੰ ਰਸਮੀ ਤੌਰ 'ਤੇ ਚਾਲੂ ਕੀਤਾ ਜਾਂਦਾ ਹੈ | ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਜੇਕਰ ਉਕਤ ਟੀਮ ਵਲੋਂ ਸਹੀ ਪਾਇਆ ਗਿਆ ਤਾਂ ਉਕਤ ਰੇਲ ਲਾਈਨ ਦੇ ਸੰਚਾਲਨ ਲਈ ਹਰੀ ਝੰਡੀ ਮਿਲ ਜਾਵੇਗੀ ਅਤੇ ਸਥਾਨਕ ਲੋਕਾਂ ਦਾ ਸੁਪਨਾ ਹਕੀਕਤ ਵਿਚ ਬਦਲ ਜਾਵੇਗਾ |