15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਹੁਸ਼ਿਆਰਪੁਰ ਜ਼ਿਲ੍ਹੇ 'ਚ ਪਏ ਮੀਂਹ ਨੇ ਠੰਢ 'ਚ ਕੀਤਾ ਵਾਧਾ, ਫ਼ਸਲਾਂ ਲਈ ਹੋਵੇਗਾ ਲਾਹੇਵੰਦ

ਅਜੀਤ ਡੈਸਕ 24-01-2026
ਹੁਸ਼ਿਆਰਪੁਰ, 23 ਜਨਵਰੀ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ)-ਬੀਤੀ ਦੇਰ ਰਾਤ ਤੋਂ ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਲਗਾਤਾਰ ਪਏ ਮੀਂਹ ਦੇ ਚੱਲਦਿਆਂ ਜਿੱਥੇ ਜਨ-ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ, ਉੱਥੇ ਇਸ ਮੀਂਹ ਦੇ ਪੈਣ ਨਾਲ ਠੰਢ 'ਚ ਵੀ ਵਾਧਾ ਹੋਣ ਦੇ ਨਾਲ-ਨਾਲ ਇਹ ਮੀਂਹ ਮੌਸਮੀ ਫ਼ਸਲਾਂ ਲਈ ਵਰਦਾਨ ਸਾਬਿਤ ਹੋਵੇਗਾ | ਮੀਂਹ ਦੇ ਚੱਲਦਿਆਂ ਅੱਜ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਨਾ-ਮਾਤਰ ਰਹੀ | ਇਸ ਸੰਬੰਧੀ ਜਦੋਂ ਇਲਾਕੇ ਦੇ ਕਿਸਾਨਾਂ ਸੁਰਜੀਤ ਸਿੰਘ ਮਸੂਤਾ, ਗੁਰਮੀਤ ਸਿੰਘ ਸਾਬਕਾ ਸਰਪੰਚ ਬਾਗਪੁਰ, ਨੰਬਰਦਾਰ ਭੁਪਿੰਦਰ ਸਿੰਘ, ਬਲਵੀਰ ਸਿੰਘ, ਰੇਸ਼ਮ ਸਿੰਘ ਬੱਡਲਾ, ਸਾਬਕਾ ਸਰਪੰਚ ਜਸਵੀਰ ਸਿੰਘ ਆਦਿ ਨੇ ਦੱਸਿਆ ਕਿ ਪਹਿਲਾਂ ਮੀਂਹ ਨਾ ਪੈਣ ਕਾਰਨ ਖ਼ੁਸ਼ਕ ਮੌਸਮ ਦੇ ਚੱਲਦਿਆਂ ਕਣਕ ਦੀ ਫ਼ਸਲ 'ਚ ਵਾਧਾ ਨਹੀਂ ਹੋ ਰਿਹਾ ਸੀ ਤੇ ਫ਼ਸਲ ਨੂੰ ਬਿਮਾਰੀਆਂ ਲੱਗਣ ਦਾ ਖ਼ਤਰਾ ਬਣਿਆ ਹੋਇਆ ਸੀ | ਉਨ੍ਹਾਂ ਕਿਹਾ ਕਿ ਹੁਣ ਇਸ ਪਏ ਮੀਂਹ ਕਾਰਨ ਮੌਸਮ 'ਚ ਗਿਰਾਵਟ ਆ ਜਾਵੇਗੀ, ਜੋ ਕਿ ਕਣਕ ਦੀ ਫ਼ਸਲ ਲਈ ਬੇਹੱਦ ਲਾਹੇਵੰਦ ਹੈ ਅਤੇ ਇਸ ਨਾਲ ਕਣਕ ਦੀ ਫ਼ਸਲ ਦੇ ਝਾੜ 'ਚ ਵੀ ਵਾਧਾ ਹੋਵੇਗਾ | ਉਨ੍ਹਾਂ ਕਿਹਾ ਕਿ ਬਿਜਲੀ ਦੇ ਲੰਮੇ-ਲੰਮੇ ਲੱਗ ਰਹੇ ਕੱਟਾਂ ਦੇ ਚੱਲਦਿਆਂ ਮਹਿੰਗੇ ਭਾਅ ਦੇ ਡੀਜ਼ਲ ਦੀ ਵਰਤੋਂ ਕਰਕੇ ਫ਼ਸਲਾਂ ਨੂੰ ਪਾਣੀ ਲਗਾਉਣਾ ਪੈ ਰਿਹਾ ਸੀ, ਜਿਸ ਕਾਰਨ ਕਿਸਾਨਾਂ 'ਤੇ ਹੋਰ ਆਰਥਿਕ ਬੋਝ ਪੈਂਦਾ ਸੀ | ਕਿਸਾਨਾਂ ਨੇ ਕਿਹਾ ਕਿ ਸਿਆਲੂ ਮੱਕੀ ਦੀ ਬਿਜਾਈ ਕਰਨ ਲਈ ਵੀ ਮੀਂਹ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ, ਕਿਉਂਕਿ ਮੀਂਹ ਪੈਣ ਨਾਲ ਖੇਤਾਂ 'ਚ ਰੌਣੀ ਹੋ ਗਈ ਹੈ ਅਤੇ ਖੇਤਾਂ 'ਚ ਤਰਾਵਟ ਬਣ ਗਈ ਹੈ | ਉਨ੍ਹਾਂ ਕਿਹਾ ਕਿ ਸਿਆਲੂ ਮੱਕੀ ਦੀ ਬਿਜਾਈ ਲਈ ਫਰਵਰੀ ਮਹੀਨੇ ਦਾ ਪਹਿਲਾ ਹਫ਼ਤਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਅਤੇ ਸਮੇਂ ਸਿਰ ਪਏ ਇਸ ਮੀਂਹ ਦੇ ਚੱਲਦਿਆਂ ਮੱਕੀ ਦੀ ਬਿਜਾਈ ਦਾ ਕੰਮ ਸਮੇਂ ਸਿਰ ਸ਼ੁਰੂ ਹੋ ਜਾਵੇਗਾ | ਕਿਸਾਨਾਂ ਨੇ ਕਿਹਾ ਕਿ ਇਸ ਪਏ ਮੀਂਹ ਨਾਲ ਕੁੱਝ ਸਮੇਂ ਲਈ ਬੀਜ ਵਾਲੇ ਆਲੂਆਂ ਦੀ ਪੁਟਾਈ ਦਾ ਕੰਮ ਜ਼ਰੂਰ ਪੱਛੜ ਜਾਵੇਗਾ | ਦੂਸਰੇ ਪਾਸੇ ਇਸ ਮੀਂਹ ਨਾਲ ਲੋਕਾਂ ਨੂੰ ਮੌਸਮੀ ਬਿਮਾਰੀਆਂ ਤੋਂ ਰਾਹਤ ਮਿਲੇਗੀ | ਮੀਂਹ ਦੇ ਚੱਲਦਿਆਂ ਸ਼ਹਿਰ 'ਚ ਵੀ ਜਨ-ਜੀਵਨ ਪ੍ਰਭਾਵਿਤ ਰਿਹਾ ਅਤੇ ਰਾਹਗੀਰਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇਹ ਮੀਂਹ ਲੋਕਾਂ ਅਤੇ ਫ਼ਸਲਾਂ ਲਈ ਲਾਹੇਵੰਦ ਸਾਬਿਤ ਹੋਵੇਗਾ |
ਪਿਛਲੀ ਖ਼ਬਰ ਬਸੰਤ ਪੰਚਮੀ ਦੇ ਤਿਉਹਾਰ ਸੰਬੰਧੀ ਸਮਾਗਮ ਅਗਲੀ ਖ਼ਬਰ ਭਾਜਪਾ ਦਾ ਟਾਂਡਾ ਮੰਡਲ ਪ੍ਰਧਾਨ ਤੇ ਸਰਪੰਚ ਸ਼ਾਲੂ ਜਹੂਰਾ 8 ਮੈਂਬਰਾਂ ਸਮੇਤ 'ਆਪ' ਵਿਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।