ਨਵੀਂ ਦਿੱਲੀ, 30 ਮਾਰਚ (ਏਜੰਸੀ)-ਈਰਾਨ 'ਚ ਅਮਰੀਕੀ ਹਮਲੇ 'ਚ ਮਹਾਨ ਏਅਰਲਾਈਨਜ਼ ਦਾ ਇਕ ਜਹਾਜ਼ ਨੁਕਸਾਨਿਆ ਗਿਆ | ਜਹਾਜ਼ ਮਸ਼ਹਾਦ ਹਵਾਈ ਅੱਡੇ 'ਤੇ ਖੜ੍ਹਾ ਸੀ ਤੇ ਨਵੀਂ ਦਿੱਲੀ ਪਹੁੰਚਣ ਵਾਲਾ ਸੀ | ਇਸ ਦਾ ਉਦੇਸ਼ ਭਾਰਤ ਤੋਂ ਦਵਾਈਆਂ ਤੇ ਹੋਰ ਜ਼ਰੂਰੀ ਰਾਹਤ ਸਮੱਗਰੀ ਲਿਜਾਣਾ ਸੀ | ਦੂਜੇ ਪਾਸੇ ਯੂਰਪੀਅਨ ਯੂਨੀਅਨ (ਈ.ਯੂ.) ਨੇ ਈਰਾਨ 'ਤੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਪਾਬੰਦੀਆਂ ਨੂੰ ਇਕ ਹੋਰ ਸਾਲ ਲਈ ਵਧਾ ਦਿੱਤਾ ਹੈ | ਇਹ ਪਾਬੰਦੀਆਂ ਹੁਣ 13 ਅਪ੍ਰੈਲ, 2027 ਤੱਕ ਲਾਗੂ ਰਹਿਣਗੀਆਂ | ਈ.ਯੂ. ਨੇ ਕਿਹਾ ਹੈ ਕਿ ਇਨ੍ਹਾਂ ਪਾਬੰਦੀਆਂ ਅਧੀਨ ਵਿਅਕਤੀਆਂ ਤੇ ਸੰਗਠਨਾਂ ਨੂੰ ਯੂਰਪੀਅਨ ਦੇਸ਼ਾਂ ਦੀ ਯਾਤਰਾ ਕਰਨ ਤੋਂ ਰੋਕਿਆ ਜਾਵੇਗਾ ਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਜਾਂ ਫ੍ਰੀਜ਼ ਕਰ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਈਰਾਨ ਨੂੰ ਅਜਿਹੇ ਉਪਕਰਣ ਭੇਜਣ ਤੋਂ ਰੋਕਿਆ ਜਾਵੇਗਾ, ਜੋ ਲੋਕਾਂ ਦੀ ਨਿਗਰਾਨੀ ਜਾਂ ਦਮਨ ਲਈ ਵਰਤੇ ਜਾ ਸਕਦੇ ਹਨ |