20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

'ਦਿੱਲੀ ਫ਼ਤਹਿ ਦਿਵਸ': ਗੁ. ਮਜਨੂੰ ਕਾ ਟਿੱਲਾ ਤੋਂ ਲਾਲ ਕਿਲ੍ਹੇ ਤੱਕ ਜਰਨੈਲੀ ਮਾਰਚ ਕੱਢਿਆ <br/>

ਅਜੀਤ ਡੈਸਕ 31-03-2026

ਨਵੀਂ ਦਿੱਲੀ, 30 ਮਾਰਚ (ਜਗਤਾਰ ਸਿੰਘ)-ਲਾਲ ਕਿਲ੍ਹਾ ਵਿਖੇ ਮਨਾਏ ਗਏ 'ਦਿੱਲੀ ਫ਼ਤਹਿ ਦਿਵਸ' ਸੰਬੰਧੀ 2 ਰੋਜ਼ਾ ਸਮਾਗਮ ਦੇ ਦੂਜੇ ਦਿਨ ਗੁਰਦੁਆਰਾ ਮਜਨੂੰ ਕਾ ਟਿੱਲਾ ਸਾਹਿਬ ਤੋਂ ਲਾਲ ਕਿਲ੍ਹੇ ਤੱਕ 'ਜਰਨੈਲੀ ਮਾਰਚ' ਕੱਢਿਆ ਗਿਆ | ਇਸ ਜਰਨੈਲੀ ਮਾਰਚ 'ਚ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ-ਨਾਲ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਸਮੇਤ ਪੰਥ ਦੀਆਂ ਹੋਰ ਨੁਮਾਇੰਦਾ ਜਥੇਬੰਦੀਆਂ ਤੇ ਸੰਗਤ ਸ਼ਾਮਿਲ ਹੋਈ | ਇਸ ਤੋਂ ਬਾਅਦ ਲਾਲ ਕਿਲ੍ਹੇ 'ਤੇ ਹੋਏ ਪ੍ਰੋਗਰਾਮ 'ਚ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਨੇ 10 ਗੁਰੂ ਸਾਹਿਬਾਨ ਦੇ ਜੀਵਨ ਨਾਲ ਸੰਬੰਧਿਤ ਪੇਸ਼ਕਾਰੀ ਕੀਤੀ, ਇਸ ਤੋਂ ਇਲਾਵਾ ਨਿਹੰਗ ਜਥੇਬੰਦੀਆਂ ਤੇ ਹੋਰਾਂ ਵਲੋਂ ਗਤਕੇ ਦੇ ਜੌਹਰ ਵਿਖਾਏ ਗਏ | ਸਮਾਗਮ 'ਚ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਤੇ ਹੋਰਨਾ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ | ਸੰਬੋਧਨ ਕਰਦਿਆਂ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦਿੱਲੀ ਫ਼ਤਿਹ ਦਿਵਸ ਸਮਾਗਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਦਿੱਲੀ ਦੇ ਇਤਿਹਾਸ 'ਚ ਇਹ ਦਿਹਾੜਾ ਬਹੁਤ ਹੀ ਅਹਿਮੀਅਤ ਰੱਖਦਾ ਹੈ ਅਤੇ ਅਜਿਹੇ ਪ੍ਰੋਗਰਾਮਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਇਸ ਸਮਾਗਮ ਨੂੰ ਸਹਿਯੋਗ ਦੇਣ ਵਾਲਿਆਂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ | ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਿੱਖ ਜਰਨੈਲਾਂ ਦੁਆਰਾ ਦਿੱਲੀ ਫ਼ਤਹਿ ਕਰਨ ਦਾ ਇਤਿਹਾਸ ਘਰ-ਘਰ ਪਹੁੰਚਾਉਣਾ ਬਹੁਤ ਜ਼ਰੂਰੀ ਹੈ | ਸਮਾਗਮ 'ਚ ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ, ਬਾਬਾ ਬਲਜੀਤ ਸਿੰਘ ਦਾਦੂਵਾਲ, ਬਾਬਾ ਮੇਜਰ ਸਿੰਘ, ਬਾਬਾ ਅਵਤਾਰ ਸਿੰਘ, ਬਾਬਾ ਜੋਗਾ ਸਿੰਘ ਕਰਨਾਲ ਵਾਲੇ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦਾ ਕਮੇਟੀ ਵਲੋਂ ਸਨਮਾਨ ਕੀਤਾ ਗਿਆ | ਬਾਬਾ ਕਸ਼ਮੀਰ ਸਿੰਘ (ਭੂਰੀ ਵਾਲੇ) ਤੇ ਬਾਬਾ ਸੁਖਵਿੰਦਰ ਸਿੰਘ ਵਲੋਂ ਸਮਾਗਮ ਦੌਰਾਨ ਲੰਗਰਾਂ ਦੇ ਪ੍ਰਬੰਧ ਦੀ ਵਿਸ਼ੇਸ਼ ਸੇਵਾ ਨਿਭਾਈ ਗਈ |

ਪਿਛਲੀ ਖ਼ਬਰ ਦਿੱਲੀ ਆਉਣ ਵਾਲੇ ਈਰਾਨੀ ਹਵਾਈ ਜਹਾਜ਼ 'ਤੇ ਹਮਲਾ ਅਗਲੀ ਖ਼ਬਰ 'ਆਪ' ਸਰਕਾਰ ਦੌਰਾਨ ਸਿੱਖਿਆ ਖੇਤਰ 'ਚ ਪੰਜਾਬ ਦੇ ਸਕੂਲਾਂ ਨੇ ਮਾਰੀ ਬਾਜ਼ੀ-ਭਗਵੰਤ ਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।