ਨਵੀਂ ਦਿੱਲੀ, 30 ਮਾਰਚ (ਜਗਤਾਰ ਸਿੰਘ)-ਸੁਰੱਖਿਆ ਏਜੰਸੀਆਂ ਨੇ ਦਿੱਲੀ ਸਰਹੱਦ ਤੋਂ ਲਸ਼ਕਰ-ਏ-ਤਾਇਬਾ ਨਾਲ ਜੁੜੇ ਇਕ ਅੱਤਵਾਦੀ ਸ਼ਬੀਰ ਅਹਿਮਦ ਲੋਨ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਅਨੁਸਾਰ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਹ ਬੰਗਲਾਦੇਸ਼ ਤੋਂ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਸੀ | ਦਿੱਲੀ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਸ਼ਬੀਰ ਅਹਿਮਦ ਨੂੰ ਗਿ੍ਫ਼ਤਾਰ ਕੀਤਾ | ਗਿ੍ਫਤਾਰੀ ਦੌਰਾਨ ਪੁਲਿਸ ਨੇ ਉਸ ਦੇ ਕਬਜ਼ੇ 'ਚੋਂ ਵਿਦੇਸ਼ੀ ਕਰੰਸੀ ਅਤੇ ਹੋਰ ਅਪਰਾਧਿਕ ਸਮੱਗਰੀ ਬਰਾਮਦ ਕੀਤੀ | ਇਨ੍ਹਾਂ 'ਚ ਲਗਭਗ 2300 ਯੂਨਿਟ ਬੰਗਲਾਦੇਸ਼ੀ ਟਕਾ, 1400 ਯੂਨਿਟ ਨਿਪਾਲੀ ਕਰੰਸੀ, 5000 ਯੂਨਿਟ ਪਾਕਿਸਤਾਨੀ ਕਰੰਸੀ ਅਤੇ 3000 ਯੂਨਿਟ ਭਾਰਤੀ ਕਰੰਸੀ ਸ਼ਾਮਿਲ ਹੈ | ਇਸ ਕੋਲੋਂ ਇਕ ਨਿਪਾਲੀ ਸਿਮ ਕਾਰਡ ਵੀ ਜ਼ਬਤ ਕੀਤਾ ਗਿਆ, ਜਿਸ ਨਾਲ ਸਰਹੱਦ ਪਾਰ ਸੰਚਾਰ ਅਤੇ ਸੰਚਾਲਨ ਤਾਲਮੇਲ ਬਾਰੇ ਸ਼ੱਕ ਪੈਦਾ ਹੁੰਦਾ ਹੈ | ਜਾਂਚ 'ਚ ਪਤਾ ਚਲਿਆ ਹੈ ਕਿ ਇਹ ਗਰੋਹ ਕਿਸੇ ਛੋਟੇ-ਮੋਟੇ ਪ੍ਰਚਾਰ ਲਈ ਨਹੀਂ, ਬਲਕਿ ਵੱਡੇ ਅੱਤਵਾਦੀ ਹਮਲੇ ਦੀ ਤਿਆਰੀ ਵਿਚ ਜੁਟਿਆ ਸੀ |