ਪਾਕਿਸਤਾਨੀ ਜਹਾਜ਼ ਨੂੰ ਹੋਰਮੁਜ਼ ਪਾਰ ਕਰਨ ਤੋਂ ਰੋਕਿਆ
ਅਮਰੀਕੀ ਜੰਗੀ ਜਹਾਜ਼ ਅਬ੍ਰਾਹਮ ਲਿੰਕਨ 'ਤੇ ਮਿਜ਼ਾਈਲ ਹਮਲਾ
ਦੁਬਈ/ਅੰਮਿ੍ਤਸਰ, 25 ਮਾਰਚ (ਏਜੰਸੀ, ਸੁਰਿੰਦਰ ਕੋਛੜ)-ਈਰਾਨ ਨੂੰ ਮੱਧ ਪੂਰਬ 'ਚ ਜੰਗਬੰਦੀ ਲਈ ਇਕ ਅਮਰੀਕੀ ਯੋਜਨਾ ਮਿਲੀ ਹੈ | ਹਾਲਾਂਕਿ ਤਹਿਰਾਨ ਨੇ ਜੰਗਬੰਦੀ ਯੋਜਨਾ ਪ੍ਰਾਪਤ ਕਰਨ ਦੀ ਪੁਸ਼ਟੀ ਨਹੀਂ ਕੀਤੀ ਤੇ ਇਜ਼ਰਾਈਲ ਤੇ ਖਾੜੀ ਅਰਬ ਦੇਸ਼ਾਂ 'ਤੇ ਹੋਰ ਹਮਲੇ ਸ਼ੁਰੂ ਕਰਦੇ ਹੋਏ ਕੂਟਨੀਤਕ ਯਤਨਾਂ ਨੂੰ ਜਨਤਕ ਤੌਰ 'ਤੇ ਖਾਰਜ ਕਰ ਦਿੱਤਾ ਹੈ | ਪਾਕਿਸਤਾਨ ਦੇ ਦੋ ਅਧਿਕਾਰੀਆਂ, ਜਿਨ੍ਹਾਂ ਇਹ ਯੋਜਨਾ ਈਰਾਨ ਨੂੰ ਸੌਂਪੀ, ਨੇ 15-ਨੁਕਾਤੀ ਪ੍ਰਸਤਾਵ ਦਾ ਵਿਆਪਕ ਰੂਪ 'ਚ ਵਰਣਨ ਕਰਦੇ ਹੋਏ ਕਿਹਾ ਕਿ ਇਹ ਪਾਬੰਦੀਆਂ ਤੋਂ ਰਾਹਤ, ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਰੋਕਣ, ਮਿਜ਼ਾਈਲਾਂ ਨੂੰ ਸੀਮਤ ਕਰਨ ਤੇ ਹੋਰਮੁਜ਼ ਜਲਡਮਰੂ ਨੂੰ ਦੁਬਾਰਾ ਖੋਲ੍ਹਣ ਨਾਲ ਸੰਬੰਧਿਤ ਹੈ | ਅਲ ਜਜ਼ੀਰਾ ਦੇ ਸੂਤਰਾਂ ਅਨੁਸਾਰ ਪਾਕਿਸਤਾਨ ਨੇ ਈਰਾਨ ਨੂੰ ਅਮਰੀਕਾ ਦੁਆਰਾ ਪੇਸ਼ ਕੀਤੇ ਗਏ ਜੰਗਬੰਦੀ ਪ੍ਰਸਤਾਵਾਂ ਤੋਂ ਜਾਣੂੰ ਕਰਵਾ ਦਿੱਤਾ ਹੈ | ਰਿਪੋਰਟ ਅਨੁਸਾਰ ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਇਕ ਦਸਤਾਵੇਜ਼ ਪ੍ਰਦਾਨ ਕੀਤਾ ਸੀ, ਜੋ ਹੁਣ ਈਰਾਨ ਨੂੰ ਸੌਂਪ ਦਿੱਤਾ ਗਿਆ ਹੈ | ਇਸ ਪ੍ਰਸਤਾਵ ਦਾ ਜਵਾਬ ਫਿਲਹਾਲ ਉਡੀਕਿਆ ਜਾ ਰਿਹਾ ਹੈ | ਅਲ ਜਜ਼ੀਰਾ ਦੇ ਪੱਤਰਕਾਰ ਓਸਾਮਾ ਬਿਨ ਜਾਵੇਦ ਨੇ ਰਿਪੋਰਟ ਦਿੱਤੀ ਕਿ ਸੀਨੀਅਰ ਪਾਕਿਸਤਾਨੀ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ | ਉਧਰ ਪਾਕਿਸਤਾਨ 'ਚ ਈਰਾਨੀ ਰਾਜਦੂਤ ਨੇ ਕਿਹਾ ਕਿ ਈਰਾਨ ਤੇ ਅਮਰੀਕਾ ਵਿਚਕਾਰ ਕੋਈ ਗੱਲਬਾਤ ਨਹੀਂ ਹੋਈ | ਪਾਕਿਸਤਾਨ 'ਚ ਈਰਾਨ ਦੇ ਰਾਜਦੂਤ ਰੇਜ਼ਾ ਅਮੀਰੀ ਮੋਘਦਮ ਨੇ ਕਿਹਾ ਹੈ ਕਿ ਈਰਾਨ ਤੇ ਅਮਰੀਕਾ ਵਿਚਕਾਰ ਹੁਣ ਤੱਕ ਕੋਈ ਗੱਲਬਾਤ ਨਹੀਂ ਹੋਈ ਹੈ | ਉਨ੍ਹਾਂ ਕਿਹਾ ਕਿ ਅਸੀਂ ਵੀ ਮੀਡੀਆ 'ਚ ਅਜਿਹੀਆਂ ਰਿਪੋਰਟਾਂ ਸੁਣੀਆਂ ਹਨ | ਹਾਲਾਂਕਿ, ਮੇਰੀ ਜਾਣਕਾਰੀ ਅਨੁਸਾਰ ਤੇ ਟਰੰਪ ਦੇ ਦਾਅਵਿਆਂ ਦੇ ਉਲਟ - ਅੱਜ ਤੱਕ ਦੋਵਾਂ ਦੇਸ਼ਾਂ ਵਿਚਕਾਰ ਨਾ ਤਾਂ ਸਿੱਧੀ ਤੇ ਨਾ ਹੀ ਅਸਿੱਧੀ ਗੱਲਬਾਤ ਹੋਈ ਹੈ |'' ਮੋਘਦਮ ਨੇ ਅੱਗੇ ਕਿਹਾ ਕਿ ਕੁਝ ਦੋਸਤਾਨਾ ਦੇਸ਼ਾਂ ਨੇ ਜੰਗ ਨੂੰ ਟਾਲਣ ਵਿੱਚ ਮਦਦ ਕਰਨ ਲਈ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਹੈ ਤੇ ਸੰਪਰਕ ਸਥਾਪਤ ਕੀਤਾ ਹੈ |
ਈਰਾਨ ਵਲੋਂ ਅਮਰੀਕੀ ਜਹਾਜ਼ ਵਾਹਕ ਅਬ੍ਰਾਹਮ ਲਿੰਕਨ 'ਤੇ ਮਿਜ਼ਾਈਲ ਹਮਲਾ
ਉਧਰ ਈਰਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਅਮਰੀਕੀ ਜਹਾਜ਼ ਵਾਹਕ (ਏਅਰਕ੍ਰਾਫਟ ਕੈਰੀਅਰ) ਯੂ.ਐਸ.ਐਸ. ਅਬ੍ਰਾਹਮ ਲਿੰਕਨ 'ਤੇ ਮਿਜ਼ਾਈਲ ਹਮਲਾ ਕੀਤਾ ਹੈ, ਜਿਸ ਨਾਲ ਜੰਗੀ ਜਹਾਜ਼ ਨੂੰ ਖੇਤਰ ਖਾਲੀ ਕਰਨ ਤੇ ਆਪਣੇ ਆਪ ਨੂੰ ਮੁੜ ਸਥਾਪਿਤ ਕਰਨ ਲਈ ਮਜਬੂਰ ਕੀਤਾ ਗਿਆ | ਈਰਾਨੀ ਫੌਜ ਅਨੁਸਾਰ ਜਲ ਸੈਨਾ ਨੇ ਕਾਦਰ ਕਰੂਜ਼ ਮਿਜ਼ਾਈਲਾਂ ਦੀ ਵਰਤੋਂ ਕਰਕੇ ਜਹਾਜ਼ ਵਾਹਕ ਨੂੰ ਨਿਸ਼ਾਨਾ ਬਣਾਇਆ | ਇਸ ਹਮਲੇ ਤੋਂ ਬਾਅਦ ਅਮਰੀਕੀ ਬੇੜੇ ਨੂੰ ਆਪਣੀ ਸਥਿਤੀ ਬਦਲਣ ਲਈ ਮਜਬੂਰ ਹੋਣਾ ਪਿਆ | ਈਰਾਨੀ ਜਲ ਸੈਨਾ ਦੇ ਕਮਾਂਡਰ ਸ਼ਾਹਰਾਮ ਈਰਾਨੀ ਨੇ ਕਿਹਾ ਕਿ ਅਮਰੀਕੀ ਵਾਹਕ ਸਟ੍ਰਾਈਕ ਗਰੁੱਪ ਦੀ ਹਰ ਗਤੀਵਿਧੀ 'ਤੇ ਨੇੜਿਓਾ ਨਜ਼ਰ ਰੱਖੀ ਜਾ ਰਹੀ ਹੈ | ਉਨ੍ਹਾਂ ਚਿਤਾਵਨੀ ਜਾਰੀ ਕੀਤੀ ਕਿ ਜਿਸ ਪਲ ਇਹ ਬੇੜਾ ਮਿਜ਼ਾਈਲ ਰੇਂਜ 'ਚ ਦਾਖਲ ਹੋਵੇਗਾ, ਇਸ 'ਤੇ ਹੋਰ ਵੀ ਸ਼ਕਤੀਸ਼ਾਲੀ ਹਮਲੇ ਕੀਤੇ ਜਾਣਗੇ | ਹਾਲਾਂਕਿ ਇਸ ਦਾਅਵੇ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਹੈ ਤੇ ਇਸ ਮਾਮਲੇ ਸੰਬੰਧੀ ਅਮਰੀਕਾ ਵਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ |
ਈਰਾਨ ਨੇ ਜੰਗਬੰਦੀ ਸੰਬੰਧੀ ਅਮਰੀਕੀ ਪ੍ਰਸਤਾਵ ਠੁਕਰਾਇਆ
ਅਜੀਤ ਡੈਸਕ
26-03-2026