4 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਪਟਿਆਲਾ, 25 ਮਾਰਚ (ਮਨਦੀਪ ਸਿੰਘ ਖਰੌੜ)-6 ਮਹੀਨਿਆਂ ਤੋਂ ਵੱਧ ਸਮੇਂ ਤੋਂ ਫ਼ਰਾਰ ਚੱਲੇ ਆ ਰਹੇ 'ਆਪ' ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪੰਜਾਬ ਪੁਲਿਸ ਨੇ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਪਟਿਆਲਾ ਦੇ ਸਨੌਰ ਤੋਂ ਪਹਿਲੀ ਵਾਰ ਵਿਧਾਇਕ ਬਣੇ ਪਠਾਣਮਾਜਰਾ ਨੂੰ ਮੰਗਲਵਾਰ ਦੇਰ ਰਾਤ ਗਵਾਲੀਅਰ ਤੋਂ ਗਿ੍ਫ਼ਤਾਰ ਕੀਤਾ ਗਿਆ | ਜਬਰ ਜਨਾਹ ਦੇ ਕੇਸ 'ਚ ਭਗੌੜਾ ਚਲੇ ਆ ਰਹੇ ਪਠਾਣਮਾਜਰਾ ਨੂੰ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਥਾਨਕ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਅਦਾਲਤ ਨੇ ਵਿਧਾਇਕ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ | ਮੌਕੇ 'ਤੇ ਮੌਜੂਦ ਵਿਧਾਇਕ ਦੇ ਪੁੱਤਰ ਹਰਜਸ਼ਨ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਕਾਨੂੰਨੀ ਪ੍ਰਕ੍ਰਿਆ 'ਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਅਤੇ ਉਹ ਆਪਣਾ ਪੱਖ 4 ਦਿਨਾਂ ਬਾਅਦ ਅਦਾਲਤ 'ਚ ਰੱਖਣਗੇ | ਐਸ. ਐਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਸੀ. ਆਈ. ਏ. ਪਟਿਆਲਾ ਦੇ ਮੁਖੀ ਪ੍ਰਦੀਪ ਸਿੰਘ ਬਾਜਵਾ ਦੀ ਟੀਮ ਸਮੇਤ ਹੋਰ ਪੁਲਿਸ ਦੀਆਂ ਟੀਮਾਂ ਵਲੋਂ ਵਿਧਾਇਕ ਪਠਾਣਮਾਜਰਾ ਨੂੰ ਕੱਲ੍ਹ ਰਾਤੀਂ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਗਿ੍ਫ਼ਤਾਰ ਕਰ ਕੇ ਲਿਆਂਦਾ ਗਿਆ ਹੈ | ਪਠਾਣਮਾਜਰਾ ਦੇ 3 ਸਾਥੀਆਂ ਨੂੰ ਵੀ ਪੁਲਿਸ ਟੀਮਾਂ ਵਲੋਂ ਗਿ੍ਫ਼ਤਾਰ ਕੀਤਾ ਗਿਆ ਹੈ | ਦੱਸਣਯੋਗ ਹੈ ਕਿ 1 ਸਤੰਬਰ, 2025 ਨੂੰ 4 ਸਾਲ ਪੁਰਾਣੇ ਕੇਸ 'ਚ ਵਿਧਾਇਕ ਪਠਾਣਮਾਜਰਾ ਖ਼ਿਲਾਫ਼ ਇਕ ਔਰਤ ਦੀ ਸ਼ਿਕਾਇਤ 'ਤੇ ਜਬਰ ਜਨਾਹ ਦਾ ਕੇਸ ਥਾਣਾ ਸਿਵਲ ਲਾਈਨ 'ਚ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਟੀਮਾਂ ਉਨ੍ਹਾਂ ਨੂੰ ਗਿ੍ਫ਼ਤਾਰ ਕਰਨ ਲਈ ਹਰਿਆਣਾ ਦੇ ਡਬਰੀ ਪਿੰਡ 'ਚ ਗਈਆਂ ਸਨ, ਜਿਥੋਂ ਵਿਧਾਇਕ ਉਨ੍ਹਾਂ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਸੀ | ਉਸ ਤੋਂ ਬਾਅਦ ਵਿਧਾਇਕ ਪਠਾਣਮਾਜਰਾ ਆਸਟ੍ਰੇਲੀਆ ਪਹੁੰਚ ਗਿਆ ਸੀ, ਜਿਥੋਂ ਉਨ੍ਹਾਂ ਲਗਭਗ ਦਰਜਨ ਦੇ ਕਰੀਬ ਵੀਡੀਉਜ਼ ਸੋਸ਼ਲ ਮੀਡੀਆ 'ਤੇ ਜਾਰੀ ਕਰਕੇ 'ਆਪ' ਸਰਕਾਰ ਵਲੋਂ ਉਨ੍ਹਾਂ ਦੇ ਖ਼ਿਲਾਫ਼ ਧੱਕਾ ਕਰਨ ਦੇ ਦੋਸ਼ ਵੀ ਲਗਾਏ ਗਏ | ਪਿਛਲੇ ਦਿਨੀਂ ਉਨ੍ਹਾਂ ਸੋਸ਼ਲ ਮੀਡੀਆ 'ਤੇ ਦੱਸਿਆ ਸੀ ਕਿ ਉਹ 20 ਮਾਰਚ ਨੂੰ ਭਾਰਤ ਵਾਪਸ ਆ ਰਹੇ ਹਨ | ਇਸ ਸਿਆਸੀ ਲੜਾਈ ਦੇ ਚਲਦਿਆਂ ਵਿਧਾਇਕ ਪਠਾਣਮਾਜਰਾ ਦੀ ਪਟਿਆਲਾ ਸਥਿਤ ਸਰਕਾਰੀ ਰਿਹਾਇਸ਼ ਖ਼ਾਲੀ ਕਰਵਾਈ ਜਾ ਚੁੱਕੀ ਹੈ | ਸੂਤਰਾਂ ਵਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਵਿਧਾਇਕ ਪਠਾਣਮਾਜਰਾ ਖ਼ਿਲਾਫ਼ ਅੰਦਰਖਾਤੇ ਕੁਝ ਕੇਸ ਦਰਜ ਹੋਏ ਹਨ ਜੇਕਰ ਉਸ ਨੂੰ ਜ਼ਮਾਨਤ ਮਿਲਦੀ ਹੈ ਤਾਂ ਦੂਜੇ ਕੇਸਾਂ 'ਚ ਵੀ ਪੰਜਾਬ ਪੁਲਿਸ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਸਕਦੀ ਹੈ | ਇਸ ਕੇਸ 'ਚ ਵਿਧਾਇਕ ਪਠਾਣਮਾਜਰਾ ਵਲੋਂ ਅਦਾਲਤ 'ਚ ਪੇਸ਼ ਨਾ ਹੋਣ 'ਤੇ ਉਨ੍ਹਾਂ ਨੂੰ ਦਸੰਬਰ 2025 'ਚ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ | ਵਿਧਾਇਕ ਪਠਾਣਮਾਜਰਾ ਦੇ ਵਕੀਲ ਸਿਮਰਨਜੀਤ ਸਿੰਘ ਸੱਗੂ ਨੇ ਕਿਹਾ ਕਿ ਸਾਲ 2021 'ਚ ਇਕ ਔਰਤ ਨੇ ਉਨ੍ਹਾਂ ਖ਼ਿਲਾਫ਼ ਜਬਰ ਜਨਾਹ ਦੇ ਦੋਸ਼ ਲਗਾਏ ਸਨ | ਅਦਾਲਤ ਦੇ ਹੁਕਮਾਂ ਤੋਂ ਬਾਅਦ ਇਸ ਕੇਸ ਦੀ ਪੜਤਾਲ ਡੀ.ਆਈ.ਜੀ. ਰੇਂਜ ਰੋਪੜ ਕੋਲ ਚੱਲ ਰਹੀ ਸੀ, ਪਰੰਤੂ ਰਾਜਨੀਤਕ ਮਾਹੌਲ ਬਦਲਣ ਤੋਂ ਬਾਅਦ 1 ਸਤੰਬਰ 2025 ਨੂੰ ਪਟਿਆਲਾ ਪੁਲਿਸ ਨੇ ਵਿਧਾਇਕ ਪਠਾਣਮਾਜਰਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ |
ਫ਼ਰਾਰ ਵਿਧਾਇਕ ਪਠਾਣਮਾਜਰਾ ਗਵਾਲੀਅਰ ਤੋਂ ਗਿ੍ਫ਼ਤਾਰ <br/>
ਅਜੀਤ ਡੈਸਕ
26-03-2026