24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਪੰਜਾਬ ਨੂੰ ਕਣਕ ਦੀ ਖ਼ਰੀਦ ਲਈ 30,973 ਕਰੋੜ ਰੁਪਏ ਦੀ ਨਕਦ ਕਰਜ਼ਾ ਹੱਦ ਮਿਲੀ <br/>

ਅਜੀਤ ਡੈਸਕ 26-03-2026

ਹਰਜਿੰਦਰ ਸਿੰਘ ਲਾਲ
ਖੰਨਾ, 25 ਮਾਰਚ-ਪੰਜਾਬ ਸਰਕਾਰ ਨੂੰ ਕਣਕ ਦੀ ਸਰਕਾਰੀ ਖ਼ਰੀਦ ਲਈ ਅੱਜ 30,973 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਟ (ਨਕਦ ਕਰਜ਼ਾ ਹੱਦ) ਮਿਲ ਗਈ ਹੈ | ਪਿਛਲੇ ਸਾਲ ਕਣਕ ਖ਼ਰੀਦਣ ਲਈ ਨਕਦ ਕਰਜ਼ਾ ਹੱਦ 28,894 ਕਰੋੜ ਰੁਪਏ ਸੀ | ਇਸ ਵਾਰ 2026-27 ਲਈ ਪੰਜਾਬ 'ਚ ਕਣਕ ਦੀ ਸਰਕਾਰੀ ਖ਼ਰੀਦ ਦਾ ਟੀਚਾ 132 ਲੱਖ ਮੀਟਰਿਕ ਟਨ ਰੱਖਿਆ ਗਿਆ ਹੈ ਜਦਕਿ ਕੁਝ ਹਲਕੇ ਇਹ 122 ਲੱਖ ਮੀ. ਟਨ ਦੱਸ ਰਹੇ ਹਨ | ਇਸ ਵਾਰ ਘੱਟੋ-ਘੱਟ ਸਮਰਥਨ ਮੁੱਲ 2,585 ਰੁਪਏ ਪ੍ਰਤੀ ਕੁਇੰਟਲ ਹੈ, ਜੋ ਪਿਛਲੇ ਸਾਲ ਨਾਲੋਂ 160 ਰੁਪਏ ਜ਼ਿਆਦਾ ਹੈ | ਸਾਲ 2025-26 'ਚ ਪੰਜਾਬ 'ਚ ਕਣਕ ਦੀ ਖ਼ਰੀਦ ਦਾ ਟੀਚਾ 124 ਲੱਖ ਮੀ. ਟਨ ਸੀ, ਜੋ ਪੂਰਾ ਨਹੀਂ ਹੋ ਸਕਿਆ ਸੀ | ਪਿਛਲੇ ਸਾਲ ਕਣਕ ਦੀ ਸਰਕਾਰੀ ਖ਼ਰੀਦ ਸਿਰਫ਼ 119.32 ਲੱਖ ਟਨ ਹੀ ਹੋ ਸਕੀ ਸੀ, ਖ਼ਰੀਦ ਟੀਚੇ ਤੋਂ ਘੱਟ ਹੋਣ ਦਾ ਮੁੱਖ ਕਾਰਨ ਨਿੱਜੀ ਵਪਾਰੀਆਂ ਵਲੋਂ ਕੀਤੀ ਵੱਧ ਖ਼ਰੀਦ ਵੀ ਸੀ | ਪਿਛਲੇ ਸਾਲ ਨਿੱਜੀ ਵਪਾਰੀਆਂ ਨੇ 10 ਲੱਖ 80 ਹਜਾਰ ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਸੀ |
ਆੜ੍ਹਤੀ 1 ਅਪ੍ਰੈਲ ਤੋਂ ਜਾ ਸਕਦੇ ਹਨ ਹੜਤਾਲ 'ਤੇ
ਗੌਰਤਲਬ ਹੈ ਕਿ ਪੰਜਾਬ 'ਚ ਕਣਕ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ 1 ਅਪ੍ਰੈਲ ਤੋਂ ਹੋਣੀ ਹੈ, ਪਰ 1 ਅਪ੍ਰੈਲ ਤੱਕ ਸਾਰੇ ਪੰਜਾਬ 'ਚ ਇਕਦਮ ਕਣਕ ਦੀ ਕਟਾਈ ਸ਼ੁਰੂ ਨਹੀਂ ਹੋਵੇਗੀ | ਸੰਗਰੂਰ, ਪਟਿਆਲਾ ਆਦਿ ਜ਼ਿਲਿ੍ਹਆਂ 'ਚ 1 ਅਪ੍ਰੈਲ ਤੋਂ ਕਣਕ ਦੀ ਆਮਦ ਸ਼ੁਰੂ ਹੋਣ ਦੀ ਸੰਭਾਵਨਾ ਹੈ | ਬਾਕੀ ਪੰਜਾਬ 'ਚ ਮੌਸਮ ਦੀ ਗਰਮੀ ਅਨੁਸਾਰ ਕਟਾਈ ਤੇ ਫ਼ਸਲ ਮੰਡੀਆਂ 'ਚ ਆਉਣੀ ਸ਼ੁਰੂ ਹੋਵੇਗੀ, ਪਰ ਇਸ ਦਰਮਿਆਨ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨਜ਼ ਪੰਜਾਬ ਦੇ ਪ੍ਰਧਾਨ ਵਿਜੈ ਕਾਲੜਾ ਨੇ ਕਿਹਾ ਹੈ ਕਿ ਪੰਜਾਬ ਦੇ ਆੜਤੀਆਂ ਨੂੰ ਮਿਲਦੀ 2.5 ਫ਼ੀਸਦੀ ਕਮਿਸ਼ਨ ਤੇ ਲੱਗੀ ਰੋਕ ਖ਼ਿਲਾਫ਼ ਆੜਤੀ 1 ਅਪ੍ਰੈਲ ਤੋਂ ਹੜਤਾਲ 'ਤੇ ਜਾਣਗੇ ਜਦਕਿ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਅਸੀਂ ਹੜਤਾਲ ਬਾਰੇ ਆੜ੍ਹਤੀਆਂ ਦੀ ਮੀਟਿੰਗ ਬੁਲਾ ਰਹੇ ਹਾਂ | ਵਿਜੈ ਕਾਲੜਾ ਨੇ ਕਿਹਾ ਕਿ ਢਾਈ ਫ਼ੀਸਦੀ ਨਾਲ ਸਾਡੀ ਆੜ੍ਹਤ 64 ਰੁਪਏ 62 ਪੈਸੇ ਬਣਦੀ ਹੈ ਜਦਕਿ ਇਸ ਵਾਰ ਸਰਕਾਰ ਨੇ 50 ਰੁਪਏ 74 ਪੈਸੇ ਪ੍ਰਤੀ ਕੁਇੰਟਲ ਆੜ੍ਹਤ ਦੇਣ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ 'ਚ ਪੰਜਾਬ 'ਚ 46 ਰੁਪਏ ਤੇ ਹਰਿਆਣਾ 'ਚ 55 ਰੁਪਏ ਪ੍ਰਤੀ ਕੁਇੰਟਲ ਆੜ੍ਹਤ ਮਿਲਦੀ ਰਹੀ ਹੈ | ਹੁਣ ਵੀ ਪੰਜਾਬ ਦੇ 50.74 ਰੁਪਏ ਦੇ ਮੁਕਾਬਲੇ ਹਰਿਆਣਾ 'ਚ 59 ਰੁਪਏ 50 ਪੈਸੇ ਕਮਿਸ਼ਨ ਮਿਲੇਗੀ, ਅਸੀਂ ਇਹ ਧੱਕਾ ਬਰਦਾਸ਼ਤ ਨਹੀਂ ਕਰਾਂਗੇ |

ਪਿਛਲੀ ਖ਼ਬਰ ਈਰਾਨ ਨੇ ਜੰਗਬੰਦੀ ਸੰਬੰਧੀ ਅਮਰੀਕੀ ਪ੍ਰਸਤਾਵ ਠੁਕਰਾਇਆ ਅਗਲੀ ਖ਼ਬਰ ਕਾਂਗਰਸ ਨੂੰ ਖ਼ਾਲੀ ਕਰਨਾ ਪੈ ਸਕਦਾ ਹੈ 48 ਸਾਲ ਪੁਰਾਣਾ ਮੁੱਖ ਦਫ਼ਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।