ਕਪੂਰਥਲਾ, 20 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-72ਵੇਂ ਸਹਿਕਾਰੀ ਸਪਤਾਹ ਦੇ ਸਬੰਧ 'ਚ ਖੈੜਾ ਦੋਨਾ ਬਹੁਮੰਤਵੀ ਸਹਿਕਾਰੀ ਸਭਾ 'ਚ ਇਕ ਸਮਾਗਮ ਕਰਵਾਇਆ ਗਿਆ | ਜਿਸ ਦੀ ਪ੍ਰਧਾਨਗੀ ਗੁਰਯਾਦਵਿੰਦਰ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਕਪੂਰਥਲਾ ਨੇ ਕੀਤੀ | ਸਮਾਗਮ ਨੂੰ ਸੰਬੋਧਨ ਕਰਦਿਆਂ ਗੁਰਯਾਦਵਿੰਦਰ ਸਿੰਘ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਰਾਹੀਂ ਸਭਾ ਦੇ ਮੈਂਬਰਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਹਰ ਤਰ੍ਹਾਂ ਦੇ ਖੇਤੀਬਾੜੀ ਸੰਦ, ਟਰੈਕਟਰ ਆਦਿ ਵਾਜਬ ਕਿਰਾਏ 'ਤੇ ਮੁਹੱਈਆ ਕਰਵਾਏ ਜਾ ਰਹੇ ਹਨ | ਇਸ ਤੋਂ ਇਲਾਵਾ ਸਭਾਵਾਂ ਵਲੋਂ ਮੈਂਬਰਾਂ ਨੂੰ ਖਾਦ, ਕੀਟਨਾਸ਼ਕ ਦਵਾਈਆਂ ਤੇ ਘਰੇਲੂ ਲੋੜਾਂ ਲਈ ਜ਼ਰੂਰੀ ਵਸਤੂਆਂ, ਉੱਚ ਕੁਆਲਿਟੀ ਦੀ ਪਸ਼ੂ ਖ਼ੁਰਾਕ, ਘਰੇਲੂ ਲੋੜਾਂ ਲਈ ਕਰਜ਼ਾ ਤੇ ਫ਼ਸਲੀ ਕਰਜ਼ਾ ਘੱਟ ਵਿਆਜ 'ਤੇ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮੈਂਬਰਾਂ ਦੀਆਂ ਜਮ੍ਹਾਂ ਅਮਾਨਤਾਂ 'ਤੇ ਵੀ ਉਨ੍ਹਾਂ ਨੂੰ ਬੈਂਕਾਂ ਨਾਲੋਂ ਵੱਧ ਵਿਆਜ ਦਿੱਤਾ ਜਾ ਰਿਹਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਹਿਕਾਰੀ ਸਭਾਵਾਂ ਨਾਲ ਜੁੜ ਕੇ ਵੱਧ ਤੋਂ ਵੱਧ ਸਹੂਲਤਾਂ ਪ੍ਰਾਪਤ ਕਰਨ | ਇਸ ਮੌਕੇ ਬੋਲਦਿਆਂ ਮਨਮੀਤ ਸਿੰਘ ਤੇ ਸੁਮਿਤ ਕੁਮਾਰ (ਦੋਵੇਂ ਇੰਸਪੈਕਟਰ) ਨੇ ਵੀ ਸਹਿਕਾਰੀ ਸਭਾਵਾਂ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ | ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਹਿਕਾਰੀ ਯੂਨੀਅਨ ਦੇ ਮੈਨੇਜਰ ਬਿਕਰਮਜੀਤ ਸਿੰਘ ਨੇ ਸਹਿਕਾਰਤਾ ਦੇ ਇਤਿਹਾਸ ਤੇ ਇਸ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਸਮਾਗਮ ਵਿਚ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਸੋਢੀ, ਸਾਬਕਾ ਪ੍ਰਧਾਨ ਜਗਦੀਪ ਸਿੰਘ ਵੰਝ, ਤਰੁਣ ਕਾਲੀਆ, ਬਿਕਰਮ ਸਿੰਘ, ਦਿਲਬਾਗ ਸਿੰਘ (ਸਾਰੇ ਕਮੇਟੀ ਮੈਂਬਰ), ਸਭਾ ਦੇ ਸਾਬਕਾ ਸਕੱਤਰ ਗੁਰਮੇਲ ਸਿੰਘ, ਅਰੁਣ ਸੋਬਤੀ, ਬਲਵਿੰਦਰ ਸਿੰਘ ਭਾਣੋਲੰਗਾ, ਹਰਕੀਰਤ ਸਿੰਘ, ਪਰਮਜੀਤ ਸਿੰਘ ਸੈਦੋਵਾਲ, ਗੁਰਮੁਖ ਸਿੰਘ ਸ਼ੇਖੂਪੁਰ, ਤਰਸੇਮ ਸਿੰਘ, ਗੁਰਪ੍ਰੀਤ ਸਿੰਘ, ਮਨਜਿੰਦਰ ਸਿੰਘ, (ਸਾਰੇ ਸਕੱਤਰ), ਨੰਬਰਦਾਰ ਕੰਵਲਜੀਤ ਸਿੰਘ ਖੈੜਾ ਦੋਨਾ ਤੇ ਹੋਰ ਸਭਾਵਾਂ ਦੇ ਸਕੱਤਰ ਹਾਜ਼ਰ ਸਨ | ਸਭਾ ਦੇ ਪ੍ਰਧਾਨ ਪ੍ਰਦੀਪ ਸਿੰਘ ਤੇ ਸਕੱਤਰ ਸੁਖਜਿੰਦਰ ਸਿੰਘ ਨੇ ਸਮਾਗਮ ਵਿਚ ਸ਼ਾਮਲ ਹੋਏ ਅਧਿਕਾਰੀਆਂ, ਸਹਿਕਾਰੀ ਸਭਾਵਾਂ ਦੇ ਮੈਂਬਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ |