ਕਪੂਰਥਲਾ, 20 ਨਵੰਬਰ (ਅਮਨਜੋਤ ਸਿੰਘ ਵਾਲੀਆ)-ਬਿਨਾਂ ਡਾਕਟਰੀ ਸਲਾਹ ਤੋਂ ਐਂਟੀਬਾਇਓਟਿਕ ਦਵਾਈਆਂ ਖਾਣ ਨਾਲ ਮਨੁੱਖੀ ਸਰੀਰ ਅੰਦਰ ਮੌਜੂਦ ਬੈਕਟੀਰੀਆ ਤੇ ਐਂਟੀਬਾਇਓਟੀਕ ਦਵਾਈਆਂ ਦਾ ਅਸਰ ਹੋਣਾ ਬੰਦ ਹੋ ਜਾਂਦਾ ਹੈ | ਜੋ ਕਿ ਇੱਕ ਖ਼ਤਰਨਾਕ ਰੁਝਾਨ ਹੈ, ਕਿਉਂਕਿ ਅਜਿਹੇ ਲੋਕਾਂ ਨੂੰ ਬਿਮਾਰੀ ਲੱਗਣ 'ਤੇ ਦਵਾਈਆਂ ਦਾ ਸਹੀ ਅਤੇ ਸਮੇਂ ਤੇ ਅਸਰ ਨਹੀਂ ਹੁੰਦਾ | ਉਨ੍ਹਾਂ ਕਿਹਾ ਕਿ ਲੋਕ ਐਂਟੀਬਾਇਓਟੀਕ ਦਵਾਈਆਂ ਲੈਂਦੇ ਹਨ, ਜਦ ਕਿ ਇਸ ਦੀ ਲੋੜ ਨਹੀਂ ਹੁੰਦੀ | ਇਹ ਪ੍ਰਗਟਾਵਾ ਐਂਟੀ ਮਾਈਕਰੋਬੀਅਲ ਪ੍ਰਤੀਰੋਧ ਰੋਕਥਾਮ ਅਤੇ ਨਿਯੰਤਰਣ ਜਾਗਰੂਕਤਾ ਹਫ਼ਤੇ ਦੌਰਾਨ ਸਿਵਲ ਸਰਜਨ ਡਾ. ਸੰਜੀਵ ਭਗਤ ਨੇ ਕੀਤਾ | ਉਨ੍ਹਾਂ ਕਿਹਾ ਕਿ ਇਕ ਤਾਂ ਰੋਗੀ ਰੋਗ ਸੰਬੰਧੀ ਐਂਟੀਬਾਇਓਟੀਕਸ ਡਾਕਟਰ ਦੀ ਸਲਾਹ ਨਾਲ ਨਹੀਂ ਲੈਂਦੇ ਅਤੇ ਨਾ ਹੀ ਐਂਟੀਬਾਇਓਟੀਕਸ ਦਾ ਕੋਰਸ ਪੂਰਾ ਕਰਦੇ ਹਨ ਜੋ ਕਿ ਇਕ ਗਲਤ ਰੁਝਾਨ ਹੈ | ਉਨ੍ਹਾਂ ਕਿਹਾ ਕਿ ਸਾਨੂੰ ਐਂਟੀਬਾਇਓਟਿਕਸ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ | ਸਿਵਲ ਸਰਜਨ ਨੇ ਦੱਸਿਆ ਕਿ ਮਰੀਜ਼ ਨੂੰ ਸਿਰਫ਼ ਡਾਕਟਰ ਦੀ ਸਲਾਹ 'ਤੇ ਹੀ ਐਂਟੀਬਾਓਟਿਕਸ ਲੈਣਾ ਚਾਹੀਦਾ ਹੈ ਨਾ ਕਿ ਪੁਰਾਣੇ ਨੁਸਖੇ ਦੀ ਵਰਤੋਂ ਕਰਨੀ ਚਾਹੀਦੀ ਹੈ | ਸਿਵਲ ਸਰਜਨ ਨੇ ਕਿਹਾ ਕਿ ਆਮ ਜ਼ੁਕਾਮ, ਫਲੂ, ਵਗਦਾ ਨੱਕ ਜਾਂ ਵਾਇਰਲ , ਲਾਗ ਵਿਚ ਐਂਟੀਬਾਓਟਿਕਸ ਨਾ ਲਵੋ ਅਤੇ ਲਾਗ ਨੂੰ ਰੋਕਣ ਲਈ ਆਪਣੇ ਹੱਥ ਵਾਰ-ਵਾਰ ਧੋਵੋ |