ਕਪੂਰਥਲਾ, 20 ਨਵੰਬਰ (ਸਡਾਨਾ)-ਬੀਤੀ ਸ਼ਾਮ ਕਪੂਰਥਲਾ ਜਲੰਧਰ ਰੋਡ 'ਤੇ ਬਾਬਾ ਪੀਰ ਚੌਧਰੀ ਮੋੜ ਨੇੜੇ ਇਕ ਕਾਰ ਤੇ ਮੋਟਰਸਾਈਕਲ ਦਰਮਿਆਨ ਹੋਈ ਸੜਕ ਹਾਦਸੇ ਵਿਚ ਮਾਰੇ ਗਏ ਪਿਉ ਪੁੱਤਰ ਦੇ ਪਰਿਵਾਰਕ ਮੈਂਬਰਾਂ ਵਲੋਂ ਅੱਜ ਦੁਪਹਿਰ ਦੇ ਸਮੇਂ ਪੁਲਿਸ ਕਰਮਚਾਰੀ ਵਿਚ ਦੇਰੀ ਦੇ ਰੋਸ ਵਜੋਂ ਡੀ.ਸੀ ਚੌਕ ਵਿਖੇ ਰੋਸ ਵਿਖਾਵਾ ਕੀਤਾ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਵਿਖਾਵਾਕਾਰੀ ਰੋਸ ਪ੍ਰਗਟ ਕਰ ਰਹੇ ਸਨ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਜਾਣ ਤੋਂ ਕਾਫ਼ੀ ਸਮਾਂ ਬਾਅਦ ਵੀ ਪੁਲਿਸ ਨੇ ਅਜੇ ਤੱਕ ਕੇਸ ਦਰਜ ਨਹੀਂ ਕੀਤਾ ਤੇ ਨਾ ਹੀ ਕਿਸੇ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਮੌਕੇ ਥਾਣਾ ਸਿਟੀ ਦੇ ਐਡੀਸ਼ਨਲ ਐਸ.ਐਚ.ਓ. ਇੰਸਪੈਕਟਰ ਸੁਖਵਿੰਦਰ ਸਿੰਘ ਤੇ ਹੋਰ ਪੁਲਿਸ ਕਰਮਚਾਰੀ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਕਾਨੂੰਨੀ ਕਾਰਵਾਈ ਦਾ ਭਰੋਸਾ ਦੇ ਕੇ ਵਿਖਾਵਾਕਾਰੀਆਂ ਨੂੰ ਸ਼ਾਂਤ ਕੀਤਾ | ਇੱਥੇ ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਵਾਪਰੇ ਸੜਕ ਹਾਦਸੇ ਦੌਰਾਨ ਸਰਵਣ ਸਿੰਘ ਤੇ ਉਸ ਦੇ ਲੜਕੇ ਅਮਨਦੀਪ ਸਿੰਘ ਵਾਸੀ ਪਿੰਡ ਮੰਨਣ ਦੀ ਮੌਤ ਹੋ ਗਈ ਸੀ | ਥਾਣਾ ਸਿਟੀ ਪੁਲਿਸ ਨੇ ਮਨਪ੍ਰੀਤ ਸਿੰਘ ਦੇ ਬਿਆਨਾਂ ਤਹਿਤ ਕਾਰ ਚਾਲਕ ਨਵਤੇਜ ਕੌਰ ਵਾਸੀ ਸਰਕੁਲਰ ਰੋਡ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |