ਕਪੂਰਥਲਾ, 19 ਜੁਲਾਈ (ਅਮਰਜੀਤ ਕੋਮਲ)- ਆਲ ਇੰਡੀਆ ਸੈਨਿਕ ਸਕੂਲ ਕੌਮੀ ਖੇਡਾਂ 2025 ਗਰੁੱਪ ਏ ਦੇ ਬਾਸਕਟਬਾਲ ਦੇ ਫਾਈਨਲ ਮੁਕਾਬਲੇ ਵਿਚ ਮੇਜ਼ਬਾਨ ਸੈਨਿਕ ਸਕੂਲ ਕਪੂਰਥਲਾ ਦੀ ਟੀਮ, ਸੈਨਿਕ ਸਕੂਲ ਨਗਰੋਟਾ ਦੀ ਟੀਮ ਨੂੰ 56 ਦੇ ਮੁਕਾਬਲੇ 58 ਅੰਕਾਂ ਨਾਲ ਹਰਾ ਕੇ ਚੈਂਪੀਅਨ ਬਣੀ | ਮੈਚ ਦੇ ਸਾਰੇ ਸਮੇਂ ਦੌਰਾਨ ਦੋਵਾਂ ਟੀਮਾਂ ਨੇ ਸਖ਼ਤ ਮੁਕਾਬਲਾ ਕੀਤਾ ਤੇ ਮੈਚ ਦੇ ਦੂਜੇ ਅੱਧ ਤੱਕ ਵੀ ਦੋਵੇਂ ਟੀਮਾਂ ਬਰਾਬਰੀ 'ਤੇ ਰਹੀਆਂ ਤੇ ਮੈਚ ਦੇ ਆਖ਼ਰੀ 30 ਸਕਿੰਟਾਂ ਵਿਚ ਸੈਨਿਕ ਸਕੂਲ ਕਪੂਰਥਲਾ ਦੀ ਟੀਮ ਨੇ 2 ਪੁਆਇੰਟਾਂ ਦੇ ਫ਼ਰਕ ਨਾਲ ਸੈਨਿਕ ਸਕੂਲ ਨਗਰੋਟਾ ਨੂੰ ਪਛਾੜ ਕੇ ਜਿੱਤ ਹਾਸਲ ਕੀਤੀ | ਖੇਡਾਂ ਦੇ ਆਖ਼ਰੀ ਦਿਨ ਬਿ੍ਗੇਡੀਅਰ ਟੀ.ਪੀ. ਸਿੰਘ 11 ਕੋਰ ਮੁੱਖ ਮਹਿਮਾਨ ਵਜੋਂ ਤੇ ਸੈਨਿਕ ਸਕੂਲ ਦੇ ਵਿਦਿਆਰਥੀ ਸਰਬਜੀਤ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸੈਨਿਕ ਸਕੂਲ ਦੀ ਪਿ੍ੰਸੀਪਲ ਗਰੁੱਪ ਕੈਪਟਨ ਮਧੂ ਸੇਂਗਰ ਨੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੂੰ ਜੀ ਆਇਆ ਕਿਹਾ | ਇਨ੍ਹਾਂ ਖੇਡਾਂ ਦੇ ਵੱਖ-ਵੱਖ ਮੁਕਾਬਲਿਆਂ ਵਿਚ ਅੱਵਲ ਰਹੇ ਖਿਡਾਰੀਆਂ ਨੂੰ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੇ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਬਾਸਕਟਬਾਲ ਦੇ ਮੈਚ ਵਿਚ ਸੈਨਿਕ ਸਕੂਲ ਦਾ ਖਿਡਾਰੀ ਦਿਵਿਆਂਸ਼ੂ ਅੱਤਰੀ, ਲੜਕੀਆਂ ਦੇ ਮੁਕਾਬਲੇ ਵਿਚ ਸੈਨਿਕ ਸਕੂਲ ਖਰਾਖੇਰੀ ਦੀ ਕੈਡਿਟ ਵੰਦਨਾ, ਵਾਲੀਬਾਲ ਦੇ ਮੁਕਾਬਲੇ ਵਿਚ ਸੈਨਿਕ ਸਕੂਲ ਖਰਾਖੇਰੀ ਦਾ ਵਿਦਿਆਰਥੀ ਅਤੁੱਲ ਬੈੱਸਟ ਪਲੇਅਰ ਐਲਾਨਿਆ ਗਿਆ | ਬਿ੍ਗੇਡੀਅਰ ਟੀ.ਪੀ. ਸਿੰਘ ਤੇ ਸਰਬਜੀਤ ਸਿੰਘ ਨੇ ਜੇਤੂ ਟੀਮਾਂ ਨੂੰ ਮੁਬਾਰਕਬਾਦ ਦਿੱਤੀ | ਬਿ੍ਗੇਡੀਅਰ ਟੀ.ਪੀ. ਸਿੰਘ ਨੇ ਕਿਹਾ ਕਿ ਦੇਸ਼ ਨੂੰ ਸੈਨਿਕ ਸਕੂਲ ਦੇ ਵਿਦਿਆਰਥੀਆਂ ਤੋਂ ਬਹੁਤ ਉਮੀਦਾਂ ਹਨ | ਇਨਾਮ ਵੰਡ ਸਮਾਗਮ ਦੀ ਸਮਾਪਤੀ 'ਤੇ ਸਕੂਲ ਦੇ ਉਪ ਪਿ੍ੰਸੀਪਲ ਕਮਾਂਡਰ ਸੰਦੀਪ ਸਿੰਘ ਵਿਰਕ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਹੋਰ ਸ਼ਖ਼ਸੀਅਤਾਂ ਦਾ ਤਦਿਹਦਿਲੋਂ ਧੰਨਵਾਦ ਕੀਤਾ | ਇਨ੍ਹਾਂ ਪੰਜ ਰੋਜ਼ਾ ਸੈਨਿਕ ਸਕੂਲਾਂ ਦੀਆਂ ਕੌਮੀ ਖੇਡਾਂ ਵਿਚ ਬਾਸਕਟਬਾਲ ਲੜਕੀਆਂ ਦੇ ਮੁਕਾਬਲੇ ਵਿਚ ਸੈਨਿਕ ਸਕੂਲ ਖਰਾਖੇਰੀ ਨੇ ਪਹਿਲਾ, ਸੈਨਿਕ ਸਕੂਲ ਨਗਰੋਟਾ ਨੇ ਦੂਜਾ ਤੇ ਸੈਨਿਕ ਸਕੂਲ ਕੁੰਜਪੁਰਾ ਨੇ ਤੀਜਾ ਸਥਾਨ ਹਾਸਲ ਕੀਤਾ | ਬਾਸਕਟਬਾਲ ਲੜਕਿਆਂ ਦੇ ਮੁਕਾਬਲੇ ਵਿਚ ਮੇਜ਼ਬਾਨ ਸੈਨਿਕ ਸਕੂਲ ਕਪੂਰਥਲਾ ਨੇ ਪਹਿਲਾ, ਸੈਨਿਕ ਸਕੂਲ ਨਗਰੋਟਾ ਨੇ ਦੂਜਾ ਤੇ ਸੈਨਿਕ ਸਕੂਲ ਕੁੰਜਪੁਰਾ ਨੇ ਤੀਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਵਾਲੀਬਾਲ ਦੇ ਮੁਕਾਬਲੇ ਵਿਚ ਸੈਨਿਕ ਸਕੂਲ ਖਰਾਖੇਰੀ ਪਹਿਲੇ, ਸੈਨਿਕ ਸਕੂਲ ਨਗਰੋਟਾ ਦੂਜੇ, ਸੈਨਿਕ ਸਕੂਲ ਨਾਲਾਗੜ ਤੀਜੇ ਸਥਾਨ 'ਤੇ ਰਿਹਾ | ਵਰਨਣਯੋਗ ਹੈ ਕਿ ਸੈਨਿਕ ਸਕੂਲ ਖਰਾਖੇਰੀ, ਸੈਨਿਕ ਸਕੂਲ ਕਪੂਰਥਲਾ ਨੇ ਇਨ੍ਹਾਂ ਖੇਡਾਂ ਵਿਚ ਓਵਰਆਲ ਪੁਜ਼ੀਸ਼ਨ ਹਾਸਲ ਕੀਤੀ | ਇਸ ਮੌਕੇ ਸਕੂਲ ਦੇ ਪ੍ਰਸ਼ਾਸਕੀ ਅਫ਼ਸਰ ਲੈਫ਼ਟੀਨੈਂਟ ਕਰਨਲ ਉਮੇਸ਼ ਮੋਲੇ, ਨੈਸ਼ਨਲ ਐਵਾਰਡੀ ਅਧਿਆਪਕ ਮਲਕਿੰਦਰ ਸਿੰਘ ਬਾਜਵਾ ਤੋਂ ਇਲਾਵਾ ਸਕੂਲ ਦੇ ਸਟਾਫ਼ ਮੈਂਬਰ ਤੇ ਹੋਰ ਸ਼ਖ਼ਸੀਅਤਾਂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |