ਫਗਵਾੜਾ, 18 ਜੁਲਾਈ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਪ੍ਰਮੁੱਖ ਇਲਾਕੇ ਹਰਗੋਬਿੰਦ ਨਗਰ ਖੇਤਰ ਵਿਚ ਸੜਕਾਂ 'ਤੇ ਲੱਗੀਆਂ ਰੇਹੜੀਆਂ ਪ੍ਰਸ਼ਾਸਨ ਨੇ ਅੱਜ ਤੜਕਸਾਰ ਚੁੱਕਵਾ ਕੇ ਸ਼ਹਿਰ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਕਿਉਂਕਿ ਇਸ ਪ੍ਰਮੁੱਖ ਸੜਕ 'ਤੇ ਲੋਕਾਂ ਦਾ ਰੇਹੜੀਆਂ ਕਰਕੇ ਲੰਘਣਾ ਔਖਾ ਹੋਇਆ ਸੀ, ਇਹ ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਦੇ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨੇ ਦੱਸਿਆ ਕਿ ਇਸ ਸੜਕ ਦੇ ਉੱਪਰ ਸ਼ਹਿਰ ਦੀ ਪ੍ਰਮੁੱਖ ਆਬਾਦੀ ਹੈ ਕਈ ਪ੍ਰਾਈਵੇਟ ਹਸਪਤਾਲ ਹਨ | ਚੰਡੀਗੜ੍ਹ ਰੋਡ ਨੂੰ ਇਹ ਸੜਕ ਲਗਦੀ ਹੈ ਜਿੱਥੇ ਕਾਫ਼ੀ ਸਮੇਂ ਤੋਂ ਖਾਣਪੀਣ ਦੀਆਂ ਵਸਤਾਂ ਵੇਚਣ ਵਾਲਿਆਂ ਨੇ ਰੇਹੜੀਆਂ ਤੇ ਲੋਹੇ ਦੇ ਖੋਖੇ ਰੱਖ ਲਏ ਸਨ ਜਿਸ ਕਰਕੇ ਲੋਕਾਂ ਨੂੰ ਲੰਘਣਾ ਕਾਫ਼ੀ ਮੁਸ਼ਕਲ ਹੋਇਆ ਸੀ ਤੇ ਸ਼ਹਿਰ ਦੇ ਲੋਕਾਂ ਦੀਆਂ ਸ਼ਿਕਾਇਤਾਂ ਸਨ ਕਿ ਸੜਕ ਨੂੰ ਸਾਫ਼ ਕਰਵਾਇਆ ਜਾਵੇ ਜਿਸ ਸੰਬੰਧੀ ਅੱਜ ਤੜਕੇ 4 ਵਜੇ ਇੰਸਪੈਕਟਰ ਸੇਵਕ ਰਾਮ ਤੇ ਯੋਗਰਾਜ ਦੀ ਅਗਵਾਈ ਹੇਠ ਨਗਰ ਨਿਗਮ ਨੇ ਕਾਰਵਾਈ ਕਰਦਿਆਂ ਰੇਹੜੀਆਂ ਚੁੱਕ ਦਿੱਤੀਆਂ | ਕਮਿਸ਼ਨਰ ਨੇ ਕਿਹਾ ਕਿ ਸ਼ਹਿਰ 'ਚ ਹੋਰ ਵੀ ਨਜਾਇਜ਼ ਕਬਜ਼ੇ ਹਨ ਉਨ੍ਹਾਂ 'ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ ਉਨ੍ਹਾਂ ਨੂੰ ਵੀ ਹਟਾਇਆ ਜਾਵੇਗਾ |