ਸੁਲਤਾਨਪੁਰ ਲੋਧੀ, 15 ਜੁਲਾਈ (ਨਰੇਸ਼ ਹੈਪੀ, ਥਿੰਦ)-ਅਕਾਲ ਗਲੈਕਸੀ ਕਾਨਵੈਂਟ ਸਕੂਲ ਦੇ ਪਿ੍ੰਸੀਪਲ ਮੋਨਾ ਘਈ ਦੀ ਅਗਵਾਈ ਵਿਚ ਨੋ ਸ਼ੂਗਰ ਅਧੀਨ 'ਡਿਸਪਲੇ ਬੋਰਡ ਡੈਕੋਰੇਸ਼ਨ' ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਵਿਚ ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਵਲੋਂ ਭਾਗ ਲਿਆ | ਉਨ੍ਹਾਂ ਵਲੋਂ ਡਿਸਪਲੇ ਬੋਰਡ ਡੈਕੋਰੇਸ਼ਨ ਰਾਹੀਂ ਅੱਜ ਕੱਲ੍ਹ ਦੇ ਬੱਚਿਆਂ ਦੁਆਰਾ ਫਾਸਟ ਫੂਡ ਤੇ ਆਪਣੇ ਖਾਣੇ ਵਿਚ ਮਿੱਠੀਆਂ ਵਸਤਾਂ ਦੇ ਵੱਧ ਸੇਵਨ ਕਾਰਨ ਉਨ੍ਹਾਂ ਦੀ ਸਿਹਤ ਤੇ ਸ਼ੂਗਰ ਦੇ ਪੈ ਰਹੇ ਮਾੜੇ ਪ੍ਰਭਾਵਾਂ ਨੂੰ ਬਾਖ਼ੂਬੀ ਦਰਸਾਇਆ ਗਿਆ ਤੇ ਉਨ੍ਹਾਂ ਤੋਂ ਦੂਰ ਰਹਿਣ ਲਈ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ | ਕਲਾਸ ਵਾਈਜ਼ ਹੋਏ ਇਸ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਸੰਤੁਲਿਤ ਭੋਜਨ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਆਪਣੀ ਕਲਾਤਮਕ ਪ੍ਰਤਿਭਾ ਅਤੇ ਰਚਨਾਤਮਿਕਤਾ ਦਾ ਪ੍ਰਦਰਸ਼ਨ ਕੀਤਾ | ਜਿਸ ਦੇ ਆਧਾਰਿਤ 6ਏ, 7ਡੀ, 8ਏ, 9ਬੀ, 10ਸੀ ਤੇ ਸੀਨੀਅਰ ਕਲਾਸਾਂ ਵਿਚੋਂ 11ਵੀਂ ਆਰਟਸ ਤੇ 12ਵੀਂ ਸਾਇੰਸ ਕਲਾਸ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਮੁਕਾਬਲੇ ਵਿਚ ਮਿਸਟਰ ਸੁਨੀਲ ਦੱਤ ਕਾਲੀਆ ਤੇ ਕਰਮਜੀਤ ਕੌਰ ਵੱਲੋਂ ਜੱਜਮੈਂਟ ਦੀ ਭੂਮਿਕਾ ਨੂੰ ਬਾਖ਼ੂਬੀ ਨਿਭਾਇਆ | ਇਸ ਮੁਕਾਬਲੇ ਵਿਚ ਭਾਗ ਲੈ ਰਹੇ 6ਵੀਂ ਤੋਂ 12ਵੀਂ ਕਲਾਸ ਦੇ ਜੇਤੂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਕਲਾਕਾਰੀ ਲਈ ਸਰਟੀਫਿਕੇਟ ਅਤੇ ਬਾਕੀ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ | ਪਿ੍ੰਸੀਪਲ ਮੋਨਾ ਘਈ ਵੱਲੋਂ ਜੇਤੂ ਵਿਦਿਆਰਥੀਆਂ ਦਾ ਸਨਮਾਨ ਕਰਦਿਆਂ ਵਿਦਿਆਰਥੀਆਂ ਨੂੰ ਆਪਣੀ ਕਲਾ ਅਤੇ ਪ੍ਰਤਿਭਾ ਨੂੰ ਹੋਰ ਨਿਖਾਰਨ ਲਈ ਪ੍ਰੇਰਿਤ ਕੀਤਾ | ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਜੱਜ ਨੇ ਪਿ੍ੰਸੀਪਲ ਮੋਨਾ ਘਈ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਇਸ ਵਧੀਆ ਨਤੀਜੇ ਦਾ ਸਿਹਰਾ ਬੱਚਿਆਂ ਤੇ ਸਟਾਫ਼ ਦੀ ਸਮੁੱਚੀ ਮਿਹਨਤ ਨੂੰ ਜਾਂਦਾ ਹੈ | ਇਸ ਮੌਕੇ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਾਇਸ ਪ੍ਰੈਜ਼ੀਡੈਂਟ ਕੁਲਵਿੰਦਰ ਸਿੰਘ ਜੱਜ, ਮੈਨੇਜਮੈਂਟ ਮੈਂਬਰ ਮਿਸਟਰ ਪ੍ਰਗਟ ਸਿੰਘ ਜੱਜ, ਸਕੂਲ ਕੋਆਰਡੀਨੇਟਰ, ਹਾਊਸ ਇੰਚਾਰਜ, ਐਕਟੀਵਿਟੀ ਇੰਚਾਰਜ, ਅਤੇ ਸਟਾਫ਼ ਮੈਂਬਰ ਵੀ ਵਿਦਿਆਰਥੀਆਂ ਨਾਲ਼ ਮੌਜੂਦ ਸਨ |