ਬੋਹਾ, 5 ਨਵੰਬਰ (ਰਮੇਸ਼ ਤਾਂਗੜੀ)- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਬੀਤੇ ਦਿਨੀਂ ਕੇਂਦਰੀ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ 'ਤੇ ਵਰਤੀ ਗਈ ਸ਼ਬਦਾਵਲੀ ਦਾ ਦਲਿਤ ਸਮਾਜ ਵਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ | ਰੰਘਰੇਟਾ ਦਲ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਮੇਘਾ ਸਿੰਘ ਹਾਕਮਵਾਲਾ, ਜਸਵਿੰਦਰ ਸਿੰਘ ਬੋਹਾ, ਦਰਸ਼ਨ ਸਿੰਘ ਮੋਫਰ ਆਦਿ ਆਗੂਆਂ ਨੇ ਕਿਹਾ ਕਿ ਰਾਜਾ ਵੜਿੰਗ ਨੇ ਸਾਬਕਾ ਗ੍ਰਹਿ ਮੰਤਰ ਨੂੰ ਜਾਤੀ ਸੂਚਕ ਸ਼ਬਦਾਂ ਨਾਲ ਸੰਬੋਧਨ ਕਰ ਕੇ ਦਲਿਤ ਸਮਾਜ 'ਤੇ ਭਾਰੀ ਹਮਲਾ ਕੀਤਾ ਹੈ ਅਤੇ ਦਲਿਤ ਲੋਕਾਂ ਦੇ ਮਾਣ ਸਨਮਾਨ ਨੂੰ ਸੱਟ ਮਾਰੀ ਹੈ | ਉਨ੍ਹਾਂ ਕਿਹਾ ਕਿ ਸ਼ਾਇਦ ਵੜਿੰਗ ਇਹ ਭੁੱਲ ਗਿਆ ਕਿ ਬੂਟਾ ਸਿੰਘ ਨੇ ਇੰਨੇ ਉੱਚੇ ਅਹੁਦੇ 'ਤੇ ਪਹੁੰਚ ਕੇ ਕਾਂਗਰਸ ਪਾਰਟੀ ਦਾ ਕਾਫ਼ਲਾ ਵੱਡਾ ਕੀਤਾ ਸੀ | ਉਨ੍ਹਾਂ ਕਿਹਾ ਕਿ ਕਾਂਗਰਸ ਭਾਵੇਂ ਇਕ ਸਰਬਸਾਂਝੀ ਪਾਰਟੀ ਹੈ ਅਤੇ ਹੁਣ ਜਦੋਂ ਪਾਰਟੀ ਹਉਮੈਂ ਨਾਲ ਉਸ ਨੇ ਪਾਰਟੀ ਦੀ ਸਾਖ ਨੂੰ ਧੱਕਾ ਲਾਇਆ ਹੈ ਤਾਂ ਉਸ ਨੂੰ ਇਸ ਅਹੁਦੇ ਤੋਂ ਪਰੇ ਕਰਨਾ ਚਾਹੀਦਾ ਹੈ | ਉਨ੍ਹਾਂ ਮੰਗ ਕੀਤੀ ਕਿ ਪਾਰਟੀ ਵੜਿੰਗ ਦੇ ਤਰਨਤਾਰਨ ਹਲਕੇ 'ਚ ਪ੍ਰਚਾਰ 'ਤੇ ਤੁਰੰਤ ਰੋਕ ਲਗਾਵੇ |