ਮਾਨਸਾ, 21 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ)-ਆਸ਼ਾ ਵਰਕਰਜ਼ ਫੈਸੀਲੀਟੇਟਰਜ਼ ਸਾਂਝਾ ਫ਼ਰੰਟ ਪੰਜਾਬ ਵਲੋਂ ਸਿਵਲ ਸਰਜਨ ਮਾਨਸਾ ਰਾਹੀਂ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਦੇ ਨਾਂਅ ਮੰਗ ਪੱਤਰ ਭੇਜਿਆ ਗਿਆ | ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਕੌਰ ਸੁੱਖੀ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਸਰਕਾਰੀ ਹਸਪਤਾਲਾਂ 'ਚ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ 'ਚ ਯੋਗਦਾਨ ਪਾ ਰਹੀਆਂ ਹਨ, ਪਰ ਨਿਗੂਣੀਆਂ ਤਨਖ਼ਾਹਾਂ ਮਿਲਣ ਕਾਰਨ ਘਰ ਦਾ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬੀ. ਪੀ., ਸ਼ੂਗਰ, ਕੈਂਸਰ, ਟੀ. ਬੀ., ਡੇਂਗੂ, ਮਲੇਰੀਆ ਆਦਿ ਹਰ ਪ੍ਰਕਾਰ ਦੇ ਸਰਵੇ ਲਈ ਆਸ਼ਾ ਵਰਕਰਾਂ ਨੂੰ ਪ੍ਰਤੀ ਘਰ 10 ਰੁਪਏ ਦਿੱਤੇ ਜਾਣ, ਮਲੇਰੀਆ ਸਲਾਈਡਾਂ ਬਣਾਉਣ ਦਾ ਕੰਮ ਚਾਲੂ ਕੀਤਾ ਜਾਵੇ, ਬਕਾਇਆ ਅਤੇ ਕੱਟੇ ਭੱਤੇ ਬਹਾਲ ਕੀਤੇ ਜਾਣ, ਬੇਲੋੜੀਆਂ ਡਿਊਟੀਆਂ ਬੰਦ ਕੀਤੀਆਂ ਜਾਣ ਜਾਂ ਫਿਰ ਦਰਜਾ ਚਾਰ ਮੁਲਾਜ਼ਮ ਮੰਨਿਆ ਜਾਵੇ | ਇਸ ਮੌਕੇ ਬਲਾਕ ਬੁਢਲਾਡਾ ਦੀ ਪ੍ਰਧਾਨ ਪ੍ਰਕਾਸ਼ ਕੌਰ, ਸਰਦੂਲਗੜ੍ਹ ਦੀ ਪ੍ਰਧਾਨ ਰਾਜਵੀਰ ਕੌਰ, ਖਿਆਲਾ ਕਲਾਂ ਦੀ ਪ੍ਰਧਾਨ ਪਰਨੀਤ ਕੌਰ ਬੁਰਜ ਝੱਬਰ, ਰੇਸ਼ਮਾ ਰਾਣੀ ਮਾਨਸਾ, ਪਰਮਜੀਤ ਕੌਰ, ਕਰਮਜੀਤ ਕੌਰ, ਸਰਬਜੀਤ ਕੌਰ ਤੇ ਰਣਜੀਤ ਕੌਰ ਆਦਿ ਹਾਜ਼ਰ ਸਨ |
ਆਸ਼ਾ ਵਰਕਰਜ਼ ਫੈਸੀਲੀਟੇਟਰਜ਼ ਸਾਂਝਾ ਫ਼ਰੰਟ ਨੇ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ
ਅਜੀਤ ਡੈਸਕ
22-07-2025