ਬੋਹਾ, 17 ਜੁਲਾਈ (ਰਮੇਸ਼ ਤਾਂਗੜੀ)-ਕਸਬਾ ਬੋਹਾ ਵਿਖੇ ਰਜਬਾਹੇ ਤੋਂ ਪਾ ਸਟੇਟ ਹਾਈਵੇ ਸੜਕ 'ਤੇ ਪਿਛਲੇ ਕਾਫ਼ੀ ਸਮੇਂ ਤੋਂ ਪਾਣੀ ਖੜ੍ਹਨ ਕਰ ਕੇ ਕਰੀਬ ਅੱਧਾ ਪੌਣਾ ਸੜਕ ਬੁਰੀ ਤਰ੍ਹਾਂ ਟੁੱਟ ਗਈ ਹੈ | ਸੜਕ ਦੇ ਇਸ ਟੋਟੇ ਦੇ ਵਿਚਕਾਰ ਥਾਂ-ਥਾਂ ਖੱਡੇ ਪੈ ਗਏ ਹਨ, ਜਿਸ 'ਚ ਪਾਣੀ ਭਰ ਜਾਣ ਕਰ ਕੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ ਅਤੇ ਛੋਟੇ ਤੋਂ ਵੱਡੇ ਵਾਹਨਾਂ ਦਾ ਲੰਘਣਾ ਬੰਦ ਹੁੰਦਾ ਜਾ ਰਿਹਾ ਹੈ | ਰਾਮ ਸਿੰਘ, ਬੱਗਾ ਸਿੰਘ ਟੇਲਰ ਤੇ ਨਿਸ਼ਾਨ ਸਿੰਘ ਆਦਿ ਲੋਕਾਂ ਨੇ ਦੱਸਿਆ ਕਿ ਬੋਹਾ ਦੀ ਸਟੇਟ ਹਾਈਵੇ ਇਕ ਪਾਸੇ ਬੁਢਲਾਡਾ ਤੇ ਦੂਜੇ ਪਾਸੇ ਹਰਿਆਣਾ ਰਾਜ ਦੀ ਹੱਦ ਟੱਪ ਕੇ ਰਤੀਆ, ਫ਼ਤਿਹਾਬਾਦ, ਹਿਸਾਰ ਵੱਲ ਜਾਂਦੀ ਹੈ | ਖ਼ਾਸ ਕਰ ਕੇ ਰਾਜਸਥਾਨ, ਹਰਿਆਣਾ ਤੇ ਦਿੱਲੀ, ਸੋਨੀਪਤ ਆਦਿ ਦੇ ਵੱਡੇ ਭਾਰ ਲੱਦੇ ਵਾਹਨ ਇੱਥੋਂ ਲਗਾਤਾਰ ਗੁਜ਼ਰਦੇ ਰਹਿੰਦੇ ਹਨ | ਇਹ ਸੜਕ ਸਾਰੀ ਰਾਤ ਚੱਲਦੀ ਹੈ ਤੇ ਮਾਲ ਵਾਲੀਆਂ ਗੱਡੀਆਂ ਰਾਤੋਂ ਰਾਤ ਆਪਣੇ ਟਿਕਾਣੇ 'ਤੇ ਪਹੁੰਚ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਮਹੱਤਵਪੂਰਨ ਸੜਕ ਹੋਣ ਕਾਰਨ ਦਿੱਲੀ ਜਾਣ-ਆਉਣ ਵਾਲੇ ਵਾਹਨ ਇਸ ਹਾਈਵੇ ਤੋਂ ਲੰਘ ਕੇ ਹਰਿਆਣਾ ਦੇ ਫ਼ਤਿਹਾਬਾਦ ਸ਼ਹਿਰ ਤੋਂ ਸਿੱਧੇ ਦਿੱਲੀ ਰਵਾਨਾ ਹੁੰਦੇ ਹਨ | ਲੋਕਾਂ ਨੇ ਕਿਹਾ ਕਿ ਸੜਕ ਬੰਦ ਹੋਣ ਕਰ ਕੇ ਵੱਡੇ ਵਾਹਨ ਲੰਬਾ ਸਮਾਂ ਇਸ ਸੜਕ 'ਤੇ ਪਏ ਚਾਲੇ ਦਾ ਜਾਇਜ਼ਾ ਲੈ ਕੇ ਪੂਰੀ ਸ਼ਕਤੀ ਨਾਲ ਇੱਥੋਂ ਟੱਪਦੇ ਹਨ | ਡਰਾਈਵਰ ਕਮਲ ਨੈਨ ਨੇ ਦੱਸਿਆ ਕਿ ਸੜਕ ਦੇ ਖੱਡੇ ਅਤੇ ਵਿਚ ਭਰਿਆ ਗੰਦਾ ਪਾਣੀ ਇਨ੍ਹਾਂ ਜੋਖ਼ਮ ਭਰਿਆ ਹੈ ਕਿ ਕਈ-ਕਈ ਗੱਡੀਆਂ ਵਾਲੇ ਇਕੱਠੇ ਇੱਥੋਂ ਅੱਗੇ ਟੱਪਦੇ ਹਨ | ਉਨ੍ਹਾਂ ਕਿਹਾ ਕਿ ਹੋਰ ਕੋਈ ਵੱਡੀ ਚੌੜੀ ਸੜਕ ਇੱਥੋਂ ਨਹੀਂ ਹੈ ਸਗੋਂ ਕਈ ਵਾਰ ਤਾਂ ਰਾਤ ਭਰ ਉਹ ਕਸਬਾ ਬੋਹਾ ਦੀਆਂ ਸੜਕਾਂ 'ਤੇ ਕੱਟਦੇ ਹਨ ਤੇ ਅਗਲੇ ਦਿਨ ਲੰਘਦੇ ਹਨ | ਉਨ੍ਹਾਂ ਕਿਹਾ ਕਿ ਵੱਡੀਆਂ ਟਰਾਂਸਪੋਰਟਰਾਂ ਦੀਆਂ ਗੱਡੀਆਂ ਨੇ ਤਾਂ ਇੱਥੋਂ ਲੰਘਣਾ ਬੰਦ ਕਰ ਦਿੱਤਾ ਹੈ | ਦੂਜੇ ਪਾਸੇ ਵਾਰਡ ਨੰਬਰ-1 ਬਨਾਮ ਚੰਭਾ ਬਸਤੀ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਸਬੰਧਿਤ ਸੀਵਰੇਜ ਬੰਦ ਹੋਣ ਕਰ ਕੇ ਅਤੇ ਪੱਧਰ ਸਹੀ ਨਾ ਹੋਣ ਕਰ ਕੇ ਲੋਕਾਂ ਦੇ ਘਰਾਂ ਦਾ ਗੰਦਾ ਪਾਣੀ ਸੜਕ 'ਤੇ ਆ ਜਾਂਦਾ ਹੈ | ਇਵੇਂ ਇਹ ਸੜਕ ਬਣਾਉਣ ਵੇਲੇ ਵੀ ਸੜਕ ਦਾ ਪੱਧਰ ਸਹੀ ਨਹੀਂ ਕੀਤਾ ਗਿਆ | ਇਹ ਸੜਕ ਇੱਥੋਂ ਅਗਲੇ ਪਿੰਡ ਰਾਮਪੁਰ ਮੰਡੇਰ ਤੱਕ ਨੀਵੀਂ ਬਣਾਈ ਗਈ | ਲੋਕਾਂ ਦੀ ਮੰਗ ਹੈ ਕਿ ਇਸ ਟੁੱਟੇ ਸੜਕ ਟੋਟੇ ਦੀ ਤੁਰੰਤ ਮੁਰੰਮਤ ਕੀਤੀ ਜਾਵੇ |