ਬੋਹਾ, 15 ਜੁਲਾਈ (ਰਮੇਸ਼ ਤਾਂਗੜੀ)-ਮੁਰਦਾ ਪਸ਼ੂਆਂ ਨੂੰ ਚੁੱਕਣ ਅਤੇ ਸਮੇਟਣ ਲਈ ਪਿੰਡਾਂ 'ਚ ਬਣੀਆਂ ਹੱਡਾ ਰੋੜੀਆਂ ਦਿਨੋਂ ਦਿਨ ਬੰਦ ਹੋ ਰਹੀਆਂ ਹਨ, ਜਿਸ ਕਰ ਕੇ ਅਚਨਚੇਤ ਕਿਸੇ ਪਸ਼ੂ ਦੇ ਮਰ ਜਾਣ 'ਤੇ ਉਨ੍ਹਾਂ ਨੂੰ ਘਰਾਂ ਤੋਂ ਲਿਜਾਣਾ ਅਤੇ ਸਮੇਟਣਾ ਕਿਸਾਨਾਂ ਤੇ ਪਸ਼ੂ ਪਾਲਕਾਂ ਲਈ ਕਾਫ਼ੀ ਔਖਾ ਹੋ ਗਿਆ ਹੈ | ਪਿੰਡ ਸ਼ੇਰਖਾਂ ਵਾਲਾ ਵਿਖੇ ਪਸ਼ੂ ਪਾਲਕ ਅਮਰੀਕ ਸਿੰਘ, ਜੱਗਾ ਸਿੰਘ ਸਾਬਕਾ ਸਰਪੰਚ ਤੇ ਗੁਲਾਬ ਸਿੰਘ ਸਾਬਕਾ ਸਰਪੰਚ ਤਾਲਿਬਵਾਲਾ ਨੇ ਦੱਸਿਆ ਕਿ ਪਸ਼ੂ ਮਰਨ ਤੋਂ ਬਾਅਦ ਸਬੰਧਿਤ ਠੇਕੇਦਾਰ ਲੋਕਾਂ ਦੇ ਘਰਾਂ 'ਚੋਂ ਆਪਣੇ ਵਾਹਨ 'ਤੇ ਇਹ ਪਸ਼ੂ ਚੁੱਕ ਕੇ ਹੱਡਾ ਰੋੜੀ ਤੱਕ ਲਿਜਾਂਦੇ ਹਨ, ਜਿੱਥੇ ਪਹਿਲਾਂ ਗਿਰਝਾਂ ਪਸ਼ੂ ਦਾ ਮਾਸ ਨੋਚ ਕੇ ਹੱਡ ਛੱਡ ਦਿੰਦੀਆਂ ਸਨ, ਪਰ ਹੁਣ ਗਿਰਝਾਂ ਦਾ ਸਫ਼ਾਇਆ ਹੋ ਗਿਆ ਹੈ ਅਤੇ ਪਿੰਡਾਂ ਦੇ ਮਾਸਖ਼ੋਰੇ ਕੁੱਤੇ ਇਹ ਮਾਸ ਖਾਂਦੇ ਹਨ | ਇਸ ਤਰ੍ਹਾਂ ਇਹ ਕੁੱਤੇ ਖ਼ੰੂਖ਼ਾਰ ਤੇ ਡਰਾਉਣੇ ਬਣ ਗਏ ਹਨ | ਕਈ ਦਿਨ ਕੋਈ ਪਸ਼ੂ ਨਾ ਆਉਣ 'ਤੇ ਇਹ ਕੁੱਤੇ ਮਨੁੱਖਾਂ ਅਤੇ ਰਾਹ ਜਾਂਦੇ ਬੱਚਿਆਂ ਦਾ ਪਿੱਛਾ ਕਰ ਕੇ ਉਨ੍ਹਾਂ 'ਤੇ ਹਮਲਾ ਬੋਲ ਦਿੰਦੇ ਹਨ | ਕਈ ਥਾਈਾ ਅਜਿਹੀਆਂ ਘਟਨਾਵਾਂ ਵਾਪਰਨ ਕਰ ਕੇ ਪਿੰਡਾਂ ਦੇ ਲੋਕ ਪੰਚਾਇਤ ਪਾਸੋਂ ਬਾਹਰੋਂ ਬਾਹਰ ਥੋੜ੍ਹੀ ਜਿਹੀ ਥਾਂ ਛੁਡਵਾ ਲੈਂਦੇ ਹਨ ਅਤੇ ਲੋਕ ਮੁਰਦਾ ਪਸ਼ੂ ਨੂੰ ਇਨ੍ਹਾਂ ਥਾਵਾਂ 'ਤੇ ਲੈ ਜਾਂਦੇ ਹਨ | ਕਈ ਪਿੰਡਾਂ 'ਚ ਚਮੜੇ ਦਾ ਕੰਮ ਕਰਨ ਵਾਲੇ ਲੋਕ ਹੱਡਾਂ ਰੋੜੀਆਂ ਦਾ ਠੇਕਾ ਲੈਣ ਤੋਂ ਗੁਰੇਜ਼ ਕਰਦੇ ਹਨ | ਲੋਕਾਂ ਦਾ ਕਹਿਣਾ ਹੈ ਕਿ ਪਸ਼ੂ ਮਰ ਜਾਣ 'ਤੇ ਉਹ ਸ਼ਹਿਰੀ ਹੱਡਾ ਰੋੜੀ ਵਪਾਰੀਆਂ ਨਾਲ ਤਾਲਮੇਲ ਕਰ ਕੇ ਉਸ ਨੂੰ ਪਸ਼ੂ ਚੁਕਾਉਂਦੇ ਹਨ ਅਤੇ ਇਸ ਬਦਲੇ 500 ਤੋਂ 1000 ਰੁਪਏ ਤੱਕ ਦੀ ਰਾਸ਼ੀ ਆਪਣੇ ਪਾਸੋਂ ਵਪਾਰੀਆਂ ਨੂੰ ਦਿੰਦੇ ਹਨ | ਇਸ ਤਰ੍ਹਾਂ ਦੀ ਪ੍ਰਕਿਰਿਆ 'ਚ ਲੋਕ ਮੁਰਦਾ ਪਸ਼ੂਆਂ ਨੂੰ 'ਪੰਗਾ' ਸਮਝ ਕੇ ਪਸ਼ੂਆਂ ਦੀ ਗਿਣਤੀ ਘਟਾ ਰਹੇ ਹਨ, ਜਿਸ ਨਾਲ ਦੁੱਧ ਦੀ ਘਾਟ ਵੀ ਪੈਦਾ ਹੋ ਰਹੀ ਹੈ | ਦੂਜੇ ਪਾਸੇ ਸ਼ਹਿਰੀ/ਪੇਂਡੂ ਦੋਧੀਆਂ ਵਲੋਂ ਪਿੰਡਾਂ, ਸ਼ਹਿਰਾਂ 'ਚੋਂ ਦੁੱਧ ਖ਼ਰੀਦ ਕੇ ਲੋਕਾਂ ਦੇ ਘਰੀਂ ਪਾਇਆ ਜਾਂਦਾ ਹੈ | ਗੁਆਂਢੀ ਰਾਜ ਹਰਿਆਣਾ ਤੋਂ ਵੱਡੀਆਂ ਦੁੱਧ ਡੇਅਰੀਆਂ ਤੋਂ ਆਪਣਾ ਦੁੱਧ ਪਾ ਕੇ ਇਸ ਧੰਦੇ ਨੂੰ ਗੰਧਲਾ ਬਣਾ ਦਿੱਤਾ ਹੈ | ਲੋਕਾਂ ਦੀ ਮੰਗ ਹੈ ਕਿ ਪਿੰਡਾਂ 'ਚ ਹੱਡਾ ਰੋੜੀਆਂ ਦੀ ਚਾਰਦੀਵਾਰੀ ਬਣਾਈ ਜਾਵੇ ਅਤੇ ਇਹ ਪਿੰਡਾਂ ਤੋਂ ਬਾਹਰ ਬਣਾਈਆਂ ਜਾਣ |