ਰੁਪਾਣਾ, 18 ਜੁਲਾਈ (ਜਗਜੀਤ ਸਿੰਘ)-ਪੰਜਾਬ 'ਚ ਸਮੇਂ-ਸਮੇਂ ਦੀਆਂ ਪੰਜਾਬ ਸਰਕਾਰ ਵਲੋਂ ਭਾਵੇਂ ਪਿੰਡ ਵਾਸੀਆਂ ਨੂੰ ਸ਼ਹਿਰ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੀਆਂ ਹਾਲ ਦੁਹਾਈਆਂ ਪਾਈਆਂ ਜਾਂਦੀਆਂ ਹਨ ਅਤੇ ਇਹ ਅਸਲ 'ਚ ਫਾਈਲਾਂ ਜਾਂ ਭਾਸ਼ਨਾਂ ਤੱਕ ਹੀ ਸੀਮਤ ਹੀ ਰਹਿ ਜਾਂਦੀਆਂ ਹਨ, ਜਿਸ ਦੀ ਉਦਾਹਰਣ ਪਿੰਡ ਰੁਪਾਣਾ ਵਿਖੇ ਬਿਜਲੀ ਘਰ ਦੀ ਇਮਾਰਤ 60-65 ਸਾਲ ਪੁਰਾਣੀ ਬਣੀ ਹੋਣ ਕਰਕੇ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ | ਇਹ ਕਿਸੇ ਵੇਲੇ ਵੀ ਡਿੱਗ ਕੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ, ਕਿਉਂਕਿ ਇਸ ਦੇ ਨਾਲ ਆਸ-ਪਾਸ ਦੇ 23 ਪਿੰਡ ਜੁੜੇ ਹੋਏ ਹਨ ਅਤੇ ਇਸ ਅੰਦਰ 33 ਮੁਲਾਜ਼ਮ ਆਪਣਾ ਕੰਮਕਾਰ ਕਰ ਰਹੇ ਹਨ ਤੇ ਬਿਜਲੀ ਘਰ ਅੰਦਰ ਰੋਜ਼ਾਨਾ 200 ਤੋਂ ਵੱਧ ਵਿਅਕਤੀਆਂ ਦਾ ਕੰਮਕਾਰ ਲਈ ਆਉਣਾ-ਜਾਣਾ ਬਣਿਆ ਹੋਇਆ ਹੈ | ਹੋਰ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਬਿਜਲੀ ਘਰ 'ਚ ਪਿਛਲੇ ਲੰਮੇ ਸਮੇਂ ਤੋਂ ਮੁਲਾਜ਼ਮਾਂ ਦੀਆਂ ਕਾਫ਼ੀ ਆਸਾਮੀਆਂ ਖ਼ਾਲੀ ਹੋਣ ਕਰਕੇ ਪਿੰਡਾਂ ਵਾਸੀਆਂ ਨੂੰ ਆਪਣਾ ਰੁਕਿਆ ਹੋਇਆ ਕੰਮਕਾਰ ਕਰਵਾਉਣ ਲਈ ਵਾਰ-ਵਾਰ ਦਫ਼ਤਰ ਦੇ ਗੇੜੇ ਮਾਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ | ਇਸ ਸੰਬੰਧੀ ਬਿਜਲੀ ਘਰ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਪਿਛਲੇ 14 ਸਾਲਾਂ ਤੋਂ ਇਸ ਇਮਾਰਤ ਬਾਰੇ ਸੰਬੰਧਿਤ ਵੱਖ-ਵੱਖ ਮਹਿਕਮਿਆਂ ਦੇ ਉੱਚ ਅਧਿਕਾਰੀਆਂ ਨੂੰ ਲਿਖ਼ਤੀ ਜਾਣਕਾਰੀ ਦਿੰਦੇ ਆਏ ਹਾਂ | ਮੌਕਾ ਦੇਖਣ 'ਤੇ ਵੀ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ | ਉਨ੍ਹਾਂ ਦੱਸਿਆ ਕਿ ਬਾਰਿਸ਼ਾਂ ਦੇ ਦਿਨਾਂ 'ਚ ਕਮਰਿਆਂ ਦੀ ਛੱਤਾਂ ਚੋਣ ਲੱਗ ਪੈਂਦੀਆਂ ਹਨ, ਜਿਸ ਕਰਕੇ ਮੁਲਾਜ਼ਮਾਂ ਤੇ ਕੰਮਕਾਰ ਲਈ ਆਉਣ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਸਾਹਮਣਾ ਕਰਨਾ ਪੈਂਦਾ ਹੈ | ਇਸ ਕਰਕੇ ਬੋਹੜ ਸਿੰਘ ਬਰਾੜ, ਹਰਨੇਕ ਸਿੰਘ ਹੁੰਦਲ, ਕਾਲਾ ਖੋਸਾ, ਸਾਜਨਦੀਪ ਸਿੰਘ ਖੋਸਾ, ਕਿਸਾਨ ਆਗੂ ਸੁਖਦਰਸ਼ਨ ਸਿੰਘ, ਮਨਿੰਦਰ ਸਿੰਘ ਬਰਾੜ, ਰਵਿੰਦਰ ਸਿੰਘ ਨੰਬਰਦਾਰ, ਪ੍ਰਧਾਨ ਸੁਰਜੀਤ ਸਿੰਘ, ਭੁਪਿੰਦਰ ਸਿੰਘ ਆਦਿ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਹਲਕਾ ਵਿਧਾਇਕਾ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਪਾਸੋਂ ਮੰਗ ਕੀਤੀ ਕਿ ਤੁਰੰਤ ਬਣਦੀ ਕਾਰਵਾਈ ਕਰਕੇ ਰੁਪਾਣਾ ਵਿਚ ਬਿਜਲੀ ਘਰ ਦੀ ਨਵੀਂ ਇਮਾਰਤ ਤਿਆਰ ਕਰਵਾਈ ਜਾਵੇ ਅਤੇ ਖ਼ਾਲੀ ਪਈਆਂ ਆਸਾਮੀਆਂ 'ਤੇ ਭਰਤੀ ਕੀਤੀ ਜਾਵੇ ਤਾਂ ਜੋ ਬਿਜਲੀ ਘਰ ਨਾਲ ਜੁੜੇ ਮੁਲਾਜ਼ਮਾਂ ਤੇ ਪਿੰਡਾਂ ਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਮਿਲ ਸਕੇ |