ਡੱਬਵਾਲੀ, 18 ਜੁਲਾਈ (ਇਕਬਾਲ ਸਿੰਘ ਸ਼ਾਂਤ)-ਜ਼ਿਲ੍ਹਾ ਪੁਲਿਸ ਡੱਬਵਾਲੀ ਨੇ ਸਰਹੱਦੀ ਖੇਤਰ 'ਚ ਮੋਟਰਸਾਈਕਲ ਚੋਰੀ ਮਾਮਲਿਆਂ 'ਚ ਦਹਿਸ਼ਤ ਦਾ ਕੇਂਦਰ ਬਣੇ ਇਕ ਅੰਤਰਰਾਜੀ ਮੋਟਰਸਾਈਕਲ ਚੋਰ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ | ਜ਼ਿਲ੍ਹਾ ਪੁਲਿਸ ਡੱਬਵਾਲੀ ਦੇ ਵਹੀਕਲ ਚੋਰੀ ਰੋਕੂ ਸਟਾਫ਼ ਨੇ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਤਿੰਨ ਚੋਰੀਸ਼ੁਦਾ ਮੋਟਰਸਾਈਕਲਾਂ ਬਰਾਮਦ ਕੀਤੀਆਂ ਹਨ | ਗਰੋਹ ਦੇ ਮੈਂਬਰ ਥਾਣਾ ਮਲੋਟ ਅਧੀਨ ਪੈਂਦੇ ਪਿੰਡ ਅਬੁੱਲਖੁਰਾਣਾ ਦੇ ਵਸਨੀਕ ਹਨ, ਜਿਨ੍ਹਾਂ ਦੀ ਪਛਾਣ ਸਮੀਰ ਕੁਮਾਰ, ਕਰਨ ਸਿੰਘ, ਮਨਪ੍ਰੀਤ ਸਿੰਘ ਉਰਫ਼ ਨਾਨੂ ਤੇ ਮਦਨ ਕੁਮਾਰ ਵਜੋਂ ਹੋਈ ਹੈ | ਗਰੋਹ ਵਲੋਂ ਮੋਟਰਸਾਇਕਲ ਚੋਰੀ ਉਪਰੰਤ ਮੋਟਰਸਾਈਕਲਾਂ ਦੀ ਪਛਾਣ ਛੁਪਾਉਣ ਖ਼ਾਤਰ ਉਨ੍ਹਾਂ ਦੀਆਂ ਨੰਬਰ ਪਲੇਟਾਂ ਨੂੰ ਲਾਹ ਦਿੱਤਾ ਜਾਂਦਾ ਸੀ | ਇਹ ਹੁਸ਼ਿਆਰੀ ਗਰੋਹ ਦੇ ਕਾਨੂੰਨੀ ਸ਼ਿਕੰਜੇ 'ਚ ਫਸਣ ਦਾ ਮੁੱਖ ਕਾਰਨ ਬਣ ਗਈ | ਡੀ. ਐੱਸ. ਪੀ. (ਕਾਲਾਂਵਾਲੀ) ਸੰਦੀਪ ਧਨਖੜ ਨੇ ਪੁਲਿਸ ਹੈੱਡ ਕੁਆਰਟਰ ਡੱਬਵਾਲੀ ਵਿਖੇ ਪ੍ਰੈੱਸ ਕਾਨਫ਼ਰੰਸ 'ਚ ਦੱਸਿਆ ਕਿ ਏ. ਵੀ. ਟੀ. ਸਟਾਫ਼ ਦੇ ਮੁਖੀ ਅਰਵਿੰਦ ਕੁਮਾਰ ਤੇ ਟੀਮ ਵਲੋਂ ਗੋਲ ਬਾਜ਼ਾਰ 'ਚ ਸ਼ੱਕੀ ਵਾਹਨਾਂ ਦੀ ਜਾਂਚ ਦੌਰਾਨ ਬਿਨਾਂ ਨੰਬਰ ਪਲੇਟਾਂ ਵਾਲੇ ਦੋ ਮੋਟਰਸਾਈਕਲਾਂ 'ਤੇ ਸਵਾਰ ਸਮੀਰ ਸਿੰਘ ਤੇ ਕਰਨ ਸਿੰਘ ਨੂੰ ਰੋਕਿਆ ਗਿਆ | ਡੀ. ਐੱਸ. ਪੀ. ਨੇ ਦੱਸਿਆ ਕਿ ਦੋਵਾਂ ਮੋਟਰਸਾਈਕਲਾਂ ਦੇ ਇੰਜਣ ਤੇ ਚੈਸੀ ਨੰਬਰਾਂ ਦੀ ਜਾਂਚ 'ਚ ਮੋਟਰਸਾਈਕਲ ਨੰਬਰ ਐੱਚ.ਆਰ. 25 ਐੱਚ/9802 ਦੀ ਚੋਰੀ ਸੰਬੰਧੀ ਮੁਕੱਦਮਾ ਦਰਜ ਪਾਇਆ | ਇਸ ਦੇ ਇਲਾਵਾ ਮੁਲਜ਼ਮ ਮਨਪ੍ਰੀਤ ਸਿੰਘ ਉਰਫ਼ ਨਾਨੂ ਤੇ ਮਦਨ ਕੁਮਾਰ ਤੋਂ ਬਰਾਮਦ ਮੋਟਰਸਾਈਕਲ ਨੰਬਰ ਐੱਚ. ਆਰ. 25 ਐੱਚ/1493 ਵੀ ਚੋਰੀਸ਼ੁਦਾ ਦਾ ਪਾਇਆ ਗਿਆ, ਜਿਸ ਦੀ ਚੋਰੀ ਬਾਰੇ ਵੀ ਥਾਣਾ ਸਿਟੀ ਵਿਚ ਮੁਕੱਦਮਾ ਦਰਜ ਹੈ | ਉਨ੍ਹਾਂ ਕਿਹਾ ਕਿ ਪੁੱਛਗਿੱਛ ਵਿਚ ਮੁਲਜ਼ਮਾਂ ਨੇ ਨਾਲ ਖਹਿੰਦੀ ਮੰਡੀ ਕਿੱਲਿਆਂਵਾਲੀ ਤੋਂ ਸਪਲੈਂਡਰ ਪਲੱਸ ਮੋਟਰਸਾਈਕਲ ਚੋਰੀ ਕਰਨ ਦੀ ਗੱਲ ਕਬੂਲ ਕੀਤੀ, ਜਿਸ ਨੂੰ ਬਰਾਮਦ ਕਰ ਲਿਆ ਗਿਆ ਹੈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਪੁਲਿਸ ਦੇ ਏ. ਵੀ. ਟੀ. ਸਟਾਫ਼ ਨੇ 11 ਜੂਨ, 22 ਜੂਨ ਤੇ 3 ਜੁਲਾਈ ਨੂੰ 3 ਵੱਖ-ਵੱਖ ਮਾਮਲਿਆਂ ਵਿਚ 3 ਬਾਈਕ ਚੋਰ ਗਰੋਹ ਦੇ ਛੇ ਮੁਲਜ਼ਮਾਂ ਨੂੰ ਗਿ੍ਫਤਾਰ ਕੀਤਾ, ਜਿਨ੍ਹਾਂ ਤੋਂ ਚੋਰੀਸ਼ੁਦਾ 12 ਮੋਟਰਸਾਈਕਲਾਂ ਨੂੰ ਬਰਾਮਦ ਕੀਤਾ |