ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਹਰਮਹਿੰਦਰ ਪਾਲ)-ਪਿਛਲੇ ਦੋ-ਤਿੰਨ ਦਿਨਾਂ ਤੋਂ ਪੈ ਰਹੀ ਬਾਰਿਸ਼ ਕਾਰਨ ਫ਼ਸਲਾਂ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਵਲੋਂ ਜ਼ਿਲ੍ਹੇ ਦੇ ਕਾਫ਼ੀ ਪਿੰਡਾਂ ਦਾ ਦੌਰਾ ਕੀਤਾ ਗਿਆ | ਇਸ ਮੌਕੇ ਡਾ. ਗਿੱਲ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦਾ ਸਮੁੱਚਾ ਫ਼ੀਲਡ ਸਟਾਫ਼ ਲਗਾਤਾਰ ਫ਼ੀਲਡ ਵਿਜ਼ਿਟ ਕਰ ਰਿਹਾ ਹੈ ਅਤੇ ਕਿਸਾਨਾਂ ਨਾਲ ਸੰਪਰਕ ਬਣਾਇਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਇਸ ਸਮੇਂ ਹੋ ਰਹੀ ਬਾਰਿਸ਼ ਕਾਰਨ ਜੇਕਰ ਨਰਮੇ ਦੇ ਖੇਤਾਂ ਵਿਚ ਕਿਤੇ ਪਾਣੀ ਰੁਕਦਾ ਹੈ, ਤਾਂ ਉਸ ਦੀ ਤੁਰੰਤ ਨਿਕਾਸੀ ਕੀਤੀ ਜਾਵੇ | ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਰਮੇ ਵਾਲੇ ਖੇਤਾਂ ਵਿਚ ਲੰਮਾ ਸਮਾਂ ਪਾਣੀ ਨਾ ਖੜ੍ਹਾ ਰੱਖਿਆ ਜਾਵੇ | ਜੇਕਰ ਸੰਭਵ ਹੋਵੇ ਤਾਂ ਆਪਣੇ ਪੱਧਰ 'ਤੇ ਖੇਤਾਂ ਵਿਚੋਂ ਪਾਣੀ ਨਿਕਾਸੀ ਦੇ ਯਤਨ ਕੀਤੇ ਜਾਣ ਤਾਂ ਜੋ ਫ਼ਸਲ ਨੂੰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ | ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਵਲੋਂ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨਾਲ ਪਾਣੀ ਦੀ ਨਿਕਾਸੀ ਨੂੰ ਲੈ ਕੇ ਵੀ ਸੰਪਰਕ ਰੱਖਿਆ ਜਾ ਰਿਹਾ ਹੈ | ਇਸ ਸਮੇਂ ਉਨ੍ਹਾਂ ਦੱਸਿਆ ਕਿ ਬਾਰਿਸ਼ਾਂ ਹੋਣ ਕਾਰਨ ਝੋਨੇ/ਬਾਸਮਤੀ ਦੀ ਲਵਾਈ ਵਿਚ ਤੇਜ਼ੀ ਹੋਈ ਹੈ ਅਤੇ ਝੋਨੇ/ਬਾਸਮਤੀ ਦੀ ਫ਼ਸਲ ਦੀ ਹਾਲਤ ਤਸੱਲੀਬਖ਼ਸ਼ ਹੈ | ਉਨ੍ਹਾਂ ਵਲੋਂ ਕਿਸਾਨਾਂ ਨੂੰ ਖੇਤਾਂ ਵਿਚ ਟਿਊਬਵੈੱਲਾਂ 'ਤੇ ਵੱਧ ਤੋਂ ਵੱਧ ਬੂਟੇ ਲਗਵਾਉਣ ਦੀ ਅਪੀਲ ਕੀਤੀ ਤਾਂ ਜੋ ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਰੱਖਣ ਵਿਚ ਯੋਗਦਾਨ ਬਣਾਇਆ ਜਾ ਸਕੇ |