ਸੂਰਜ ਦਾ ਪ੍ਰਕਾਸ਼ ਸੱਤ ਰੰਗਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ। ਲਾਲ, ਨਾਰੰਗੀ, ਪੀਲਾ, ਹਰਾ, ਨੀਲਾ, ਇੰਡੀਗੋ ਅਤੇ ਬੈਂਗਣੀ। ਜਦੋਂ ਸੂਰਜ ਦੀਆਂ ਕਿਰਨਾਂ ਧਰਤੀ ਦੇ ਵਾਤਾਵਰਨ ਵਿਚ ਦਾਖਲ ਹੁੰਦੀਆਂ ਹਨ ਤਾਂ ਵਾਤਾਵਰਨ ਦੇ ਵਿਚ ਮੌਜੂਦ ਆਕਸੀਜਨ, ਨਾਈਟਰੋਜਨ, ਕਾਰਬਨ ਡਾਈਆਕਸਾਈਡ, ਜਲ ਵਾਸ਼ਪ ਤੇ ਧੂੜ ਕਣਾਂ ਦੇ ਨਾਲ ਟਕਰਾ ਕੇ ਹਰ ਦਿਸ਼ਾ ਵਿਚ ਖਿੰਡ ਜਾਂਦੀਆਂ ਹਨ। ਸੂਰਜ ਦੇ ਪ੍ਰਕਾਸ਼ ਦੇ ਰੰਗਾਂ ਵਿਚ ਨੀਲੇ ਰੰਗ ਦੇ ਖਿੰਡਣ ਦੀ ਸਮਰੱਥਾ ਸਭ ਤੋਂ ਵੱਧ ਹੁੰਦੀ ਹੈ। ਇਸ ਲਈ ਅਸਮਾਨ ਤੋਂ ਆਉਣ ਵਾਲੇ ਰੰਗਾਂ ਵਿਚ ਨੀਲੇ ਰੰਗ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ। ਇਸ ਕਾਰਨ ਅਸਮਾਨ ਨੀਲੇ ਰੰਗ ਦਾ ਦਿਖਾਈ ਦਿੰਦਾ ਹੈ। ਉੱਥੇ ਹੀ ਸੂਰਜ ਡੁੱਬਣ ਵੇਲੇ ਇਸ ਦੀ ਦੂਰੀ ਧਰਤੀ ਨਾਲੋਂ ਵੱਧ ਜਾਂਦੀ ਹੈ। ਸੂਰਜ ਦੀਆਂ ਕਿਰਨਾਂ ਨੂੰ ਇਕ ਲੰਬੀ ਦੂਰੀ ਤੈਅ ਕਰਕੇ ਧਰਤੀ ਤੱਕ ਪਹੁੰਚਣਾ ਪੈਂਦਾ ਹੈ। ਨੀਲੇ ਰੰਗ ਦੇ ਵੱਧ ਖਿੰਡਣ ਕਾਰਨ ਉਹ ਰਸਤੇ ਵਿਚ ਹੀ ਖਿਲਰ ਜਾਂਦਾ ਹੈ ਅਤੇ ਸਾਡੇ ਤੱਕ ਪੀਲਾ ਸੰਤਰੀ ਅਤੇ ਲਾਲ ਰੰਗ ਜੋ ਘੱਟ ਖਿੰਡਦੇ ਹਨ, ਪਹੁੰਚਦੇ ਹਨ ਅਤੇ ਅਸਮਾਨ ਸੰਤਰੀ ਦਿਖਾਈ ਦਿੰਦਾ ਹੈ।
ਆਸਮਾਨ ਦਾ ਰੰਗ ਨੀਲਾ ਕਿਉਂ ਦਿਖਾਈ ਦਿੰਦਾ ਹੈ?
ਅਜੀਤ ਡੈਸਕ
19-07-2025