ਅੱਪਰਾ, 20 ਨਵੰਬਰ (ਦਲਵਿੰਦਰ ਸਿੰਘ ਅੱਪਰਾ)-ਅਣਪਛਾਤੇ ਚੋਰਾਂ ਵਲੋਂ ਪੁਲਿਸ ਚੌਕੀ ਅੱਪਰਾ ਤੋਂ ਮਹਿਜ਼ ਕੁਝ ਮੀਟਰ ਦੀ ਦੂਰੀ 'ਤੇ ਸਥਿਤ ਮਾਰਕੀਟ ਦੇ ਨਾਲ ਲੱਗਦੇ ਘਰ ਅਤੇ ਮੈਰਿਜ ਪੈਲੇਸ 'ਚ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ | ਚੋਰੀ ਸੰਬੰਧੀ ਰੌਬਿਨ ਸਿੰਘ ਪੁੱਤਰ ਅਜਾਇਬ ਸਿੰਘ ਵਾਸੀ ਲੋਹਗੜ੍ਹ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਲੜਕਾ ਬਹਾਦਰ ਸਿੰਘ ਪੁੱਤਰ ਸੁਖਦੇਵ ਸਿੰਘ ਇੰਗਲੈਂਡ ਰਹਿੰਦਾ ਹੈ | ਬਹਾਦਰ ਸਿੰਘ ਦੀ ਮਾਰਕੀਟ ਪੁਲਿਸ ਚੌਕੀ ਅੱਪਰਾ ਦੇ ਨਜ਼ਦੀਕ ਮੇਨ ਰੋਡ 'ਤੇ ਸਥਿਤ ਹੈ | ਇਸ ਮਾਰਕੀਟ ਦੀ ਬੈਕ ਸਾਈਡ ਦੋ ਮੰਜਲਾ ਮੈਰਿਜ ਪੈਲੇਸ ਬਣਿਆ ਹੋਇਆ ਹੈ, ਜੋ ਕਿ ਲੰਬੇ ਸਮੇਂ ਤੋਂ ਬੰਦ ਹੀ ਹੈ ਅਤੇ ਇਸ ਦੇ ਨਾਲ ਲੱਗਦੀ ਹੀ ਬਹਾਦਰ ਸਿੰਘ ਦੀ ਰਿਹਾਇਸ਼ ਵੀ ਹੈ | ਬੀਤੀ ਸ਼ਾਮ ਮਾਰਕੀਟ ਦੇ ਇੱਕ ਦੁਕਾਨਦਾਰ ਨੇ ਰੌਬਿਨ ਸਿੰਘ ਨੂੰ ਦੱਸਿਆ ਕਿ ਉਨ੍ਹਾਂ ਦਾ ਛੋਟਾ ਮੇਨ ਗੇਟ ਖੁੱਲ੍ਹਾ ਹੋਇਆ ਹੈ | ਜਦੋ ਸ਼ਾਮ ਨੂੰ ਅਤੇ ਦੁਬਾਰਾ ਸਵੇਰੇ ਆ ਕੇ ਦੇਖਿਆਂ ਤਾਂ ਸਾਰੇ ਜਿੰਦਰੇ ਖੁੱਲੇ ਹੋਏ ਸਨ | ਚੋਰਾਂ ਨੇ ਛੱਤ ਵਾਲੇ ਪੱਖੇ, ਦੀਵਾਰ ਵਾਲੇ ਪੱਖੇ (ਕੁੱਲ ਗਿਣਤੀ 100 ਤੋਂ ਵੱਧ), ਸਾਰੇ ਹੀ ਬਾਥਰੂਮਾਂ ਦੀਆਂ ਪਿੱਤਲ ਦੀਆਂ ਟੂਟੀਆਂ, ਗੀਜ਼ਰ, ਫਰਿਜ, ਗੈਸ ਸਿਲੰਡਰ, ਗੈਸ ਚੁਲ੍ਹਾ, ਐਲ. ਸੀ. ਡੀ. ਟੀ. ਵੀ., ਸਾਰੇ ਹੀ ਦਰਵਾਜਿਆਂ ਦੇ ਪਿੱਤਲ ਦੇ ਹੈਂਡਲ, ਲੌਕ ਅਤੇ ਚਿਕਣੀਆਂ ਆਦਿ ਸਮਾਨ ਚੋਰੀ ਹੋ ਚੁੱਕਾ ਸੀ | ਰੌਬਿਨ ਸਿੰਘ ਨੇ ਅੱਗੇ ਦੱਸਿਆ ਕਿ ਚੋਰਾਂ ਵਲੋਂ ਸਾਰੇ ਘਰ ਦੀ ਫੋਲਾ ਫਰਾਲੀ ਕੀਤੀ ਗਈ ਹੈ, ਬਿਜਲੀ ਦੀ ਫਿਟਿੰਗ ਦੀਆਂ ਤਾਰਾਂ ਵੀ ਉਖੇੜੀਆਂ ਹੋਈ ਹਨ | ਇੱਕ ਮੰਜਾ ਵੀ ਡਾਹਿਆ ਹੋਇਆ ਸੀ ਅਤੇ ਵੱਖ-ਵੱਖ ਥਾਵਾਂ 'ਤੇ ਕੋਲਡ ਡਰਿੰਕ ਦੀਆਂ ਖਾਲੀ ਬੋਤਲਾਂ, ਨਸ਼ਾ ਕਰਨ ਵਾਲੀਆਂ ਪੰਨੀਆਂ ਆਦਿ ਸਮਾਨ ਵੀ ਖਿਲਰਿਆ ਹੋਇਆ ਸੀ | ਰੌਬਿਨ ਸਿੰਘ ਨੇ ਦੱਸਿਆ ਚੋਰੀ ਦੀ ਇਸ ਘਟਨਾ ਦੀ ਇਤਲਾਹ ਪੁਲਿਸ ਚੌਕੀ ਅੱਪਰਾ ਵਿਖੇ ਕਰ ਦਿੱਤੀ ਗਈ ਹੈ |