ਜਲੰਧਰ, 20 ਨਵੰਬਰ (ਐੱਮ. ਐੱਸ. ਲੋਹੀਆ)-ਡਰੋਨ ਲੁੱਟ ਦੇ ਮਾਮਲੇ ਦੀ ਜਾਂਚ ਕਰ ਰਹੀ ਥਾਣਾ ਨਕੋਦਰ ਦੀ ਪੁਲਿਸ ਨੇ ਸਥਾਨਕ ਪ੍ਰੈੱਸ ਕਲੱਬ ਚੌਕ ਨੇੜੇ ਆਪਣੇ ਪਰਿਵਾਰ ਨਾਲ ਕਾਰ 'ਚ ਜਾ ਰਹੇ ਇਕ ਨੌਜਵਾਨ ਅਸ਼ੀਸ਼ ਵਾਸੀ ਫਗਵਾੜਾ ਨੂੰ ਰੋਕਿਆ ਅਤੇ ਉਸ ਨੂੰ ਨਾਲ ਲੈ ਜਾਣ ਲਈ ਆਪਣੀ ਗੱਡੀ 'ਚ ਬਿਠਾ ਲਿਆ | ਇਸ ਤੋਂ ਬਾਅਦ ਅਸ਼ੀਸ਼ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੀ ਇਸ ਕਾਰਵਾਈ ਦਾ ਵਿਰੋਧ ਕਰਦੇ ਹੋਏ ਹੰਗਾਮਾ ਕੀਤਾ | ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਪੁਲਿਸ ਵਲੋਂ ਅਸ਼ੀਸ਼ ਨੂੰ ਨਾਜਾਇਜ਼ ਕਾਬੂ ਕੀਤਾ ਜਾ ਰਿਹਾ ਹੈ, ਜਦਕਿ ਲੁੱਟ ਮਾਮਲੇ 'ਚ ਉਸ ਦੀ ਕੋਈ ਭੂਮਿਕਾ ਨਹੀਂ ਹੈ | ਉਨ੍ਹਾਂ ਕਿਹਾ ਕਿ ਅੱਜ ਉਹ ਆਪਣਾ ਪੱਖ ਰੱਖਣ ਲਈ ਖੁਦ ਸ਼ਿਕਾਇਤ ਕਰਤਾ ਨੂੰ ਮਿਲਣ ਜਾ ਰਹੇ ਸਨ, ਜਿਸ ਦੌਰਾਨ ਪੁਲਿਸ ਨੇ ਅਸ਼ੀਸ਼ ਨੂੰ ਰੋਕ ਲਿਆ | ਪਰਿਵਾਰਕ ਮੈਂਬਰ ਜਾਂਚ ਲਈ ਲੈ ਜਾਏ ਜਾ ਰਹੇ ਅਸ਼ੀਸ਼ ਦੇ ਨਾਲ ਜਾਣਾ ਚਾਹੁੰਦੇ ਸਨ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਪਰਿਵਾਰਕ ਮੈਂਬਰਾਂ ਦੇ ਨਾਲ ਚੱਲਣ ਲਈ ਸਹਿਮਤ ਹੋ ਗਏ ਅਤੇ ਉਨ੍ਹਾਂ ਅਸ਼ੀਸ਼ ਨੂੰ ਆਪਣੀ ਗੱਡੀ 'ਚੋਂ ਉਸ ਦੇ ਪਰਿਵਾਰਕ ਮੈਂਬਰਾਂ ਵਾਲੀ ਗੱਡੀ 'ਚ ਬਿਠਾ ਦਿੱਤਾ | ਕਾਰਵਾਈ ਦੀ ਅਗਵਾਈ ਕਰ ਰਹੇ ਥਾਣਾ ਸਿਟੀ ਨਕੋਦਰ ਦੇ ਮੁਖੀ ਹਰਮਿੰਦਰ ਸਿੰਘ ਸੰਧੂ ਨੇ ਜਾਣਕਾਰੀ ਦਿੱਤੀ ਕਿ ਫੋਟੋਗ੍ਰਾਫ਼ੀ ਦਾ ਕੰਮ ਕਰਦੇ ਪੰਕਜ ਨੇ ਸ਼ਿਕਾਇਤ ਦਿੱਤੀ ਸੀ, ਕਿ ਫਗਵਾੜਾ ਦੇ ਰਹਿਣ ਵਾਲੇ ਅਸ਼ੀਸ਼ ਨੇ ਉਸ ਕੋਲੋਂ ਡਰੋਨ ਮੰਗਵਾਇਆ ਸੀ, ਜਿਸ ਦੀ ਕੀਮਤ ਕਰੀਬ 2 ਲੱਖ ਰੁਪਏ ਸੀ | ਜਦੋਂ ਉਸ ਨੇ ਅਸ਼ੀਸ਼ ਦੀ ਦੱਸੀ ਗਈ ਜਗ੍ਹਾ 'ਤੇ ਆਪਣੇ ਇਕ ਸਾਥੀ ਹੱਥ ਡਰੋਨ ਭੇਜਿਆ, ਤਾਂ ਉੱਥੇ ਮੌਜੂਦ ਵਿਅਕਤੀਆਂ ਨੇ ਉਸ ਤੋਂ ਡਰੋਨ ਲੁੱਟ ਲਿਆ | ਪੀੜਤ ਵਲੋਂ ਇਸ ਸਭ 'ਚ ਅਸ਼ੀਸ਼ ਦੀ ਭੂਮਿਕਾ ਹੋਣ ਦਾ ਸ਼ੱਕ ਜਾਹਿਰ ਕੀਤੇ, ਜਿਸ ਤੋਂ ਬਾਅਦ ਮਿਲੀ ਸ਼ਿਕਾਇਤ 'ਤੇ ਉਨ੍ਹਾਂ ਵਲੋਂ ਅਸ਼ੀਸ਼ ਦੇ ਫੋਨ ਦੀ ਲੁਕੇਸ਼ਨ ਟ੍ਰੇਸ ਕੀਤੀ | ਉਨ੍ਹਾਂ ਕਿਹਾ ਕਿ ਅੱਜ ਜਦੋਂ ਉਹ ਜਲੰਧਰ ਵਿਖੇ ਮਿਲਿਆ ਤਾਂ ਉਸ ਨੂੰ ਜਾਂਚ 'ਚ ਸ਼ਾਮਿਲ ਹੋਣ ਅਤੇ ਆਪਣੇ ਨਾਲ ਥਾਣੇ ਚੱਲਣ ਲਈ ਕਿਹਾ ਗਿਆ | ਥਾਣਾ ਮੁਖੀ ਨੇ ਕਿਹਾ ਕਿ ਇਸ ਦੌਰਾਨ ਅਸ਼ੀਸ਼ ਦੇ ਪਰਿਵਾਰਕ ਮੈਂਬਰਾਂ ਨੇ ਵਿਰੋਧ ਕੀਤਾ, ਤਾਂ ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਵੀ ਜਾਂਚ ਦੌਰਾਨ ਅਸ਼ੀਸ਼ ਦੇ ਨਾਲ ਰਹਿਣ ਲਈ ਕਿਹਾ, ਜਿਸ ਤੋਂ ਬਾਅਦ ਉਨ੍ਹਾਂ ਥਾਣੇ ਪਹੁੰਚ ਕੇ ਸ਼ਿਕਾਇਤ ਕਰਤਾ ਪੰਕਜ ਦੇ ਨਾਲ ਅਸ਼ੀਸ਼ ਤੋਂ ਮਾਮਲੇ ਸੰਬੰਧੀ ਪੁੱਛਗਿੱਛ ਕੀਤੀ ਅਤੇ ਬਾਅਦ 'ਚ ਉਸ ਨੂੰ ਭੇਜ ਦਿੱਤਾ ਹੈ | ਉਨ੍ਹਾਂ ਕਿਹਾ ਕਿ ਡਰੋਨ ਲੁੱਟ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਅਸਲ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ |