ਲਾਂਬੜਾ, 20 ਨਵੰਬਰ (ਪਰਮੀਤ ਗੁਪਤਾ)-ਥਾਣਾ ਲਾਂਬੜਾ ਅਧੀਨ ਪੈਂਦੇ ਐਲਡੀਕੋ ਕਾਲੋਨੀ ਦੇ ਬਾਹਰ ਬੁੱਧਵਾਰ ਰਾਤ ਵਾਪਰੇ ਸੜਕ ਹਾਦਸੇ ਦੌਰਾਨ ਜਿੱਥੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਬਿਹਾਰ ਦੇ 21 ਸਾਲਾਂ ਨੌਜਵਾਨ ਸੱਤਿਅਮ ਕੁਮਾਰ ਹਾਲ ਵਾਸੀ ਮੁਹੱਲਾ ਗੁਰੂ ਨਾਨਕ ਪੁਰਾ ਨਕੋਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸ ਦੇ ਨਾਲ ਸਵਾਰ ਮਹਿਲਾ ਨਿਸ਼ਾ ਪਤਨੀ ਹਰੀਸ਼ ਵਾਸੀ ਲੁਧਿਆਣਾ ਜੋ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ ਨੂੰ ਟੱਕਰ ਮਾਰਨ ਵਾਲੀ ਕਾਰ ਕਥਿਤ ਰੂਪ ਵਿੱਚ ਡਾਕਟਰ ਪਤੀ ਪਤਨੀ ਦੀ ਦੱਸੀ ਜਾ ਰਹੀ ਹੈ | ਜਾਣਕਾਰੀ ਅਨੁਸਾਰ ਜਿਸ ਸਮੇਂ ਹਾਦਸਾ ਵਾਪਰਿਆ ਉਸ ਸਮੇਂ ਕਾਰ ਨੂੰ ਮਹਿਲਾ ਡਾਕਟਰ ਚਲਾ ਰਹੀ ਸੀ ਅਤੇ ਉਸ ਦਾ ਡਾਕਟਰ ਪਤੀ ਵੀ ਕਾਰ ਵਿੱਚ ਨਾਲ ਸਵਾਰ ਸਨ | ਹਾਦਸੇ ਨੂੰ ਅੰਜਾਮ ਦੇਣ ਨੂੰ ਉਪਰੰਤ ਡਾਕਟਰ ਜੋੜਾ ਕਾਰ 'ਚੋਂ ਉਤਰ ਕੇ ਜ਼ਖਮੀਆਂ ਦੀ ਮਦਦ ਕਰਨ ਦੀ ਬਜਾਏ ਕਾਰ ਸਮੇਤ ਮੌਕੇ ਤੋਂ ਐਲਡੀਗੋ ਕਾਲੋਨੀ 'ਚ ਫਰਾਰ ਹੋ ਗਏ | ਡਾਕਟਰ ਜੋੜੇ ਵਲੋਂ ਹਾਦਸੇ ਨੂੰ ਅੰਜਾਮ ਦੇ ਮੌਕੇ ਤੋਂ ਫਰਾਰ ਹੋਣ ਦੀ ਘਟਨਾ ਨੇ ਇੱਕ ਪਾਸੇ ਜਿੱਥੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਉੱਥੇ ਹੀ ਹਾਦਸੇ ਵਕਤ ਨਕੋਦਰ ਰੋਡ ਉੱਤੇ ਲੱਗੀਆਂ ਸਟਰੀਟ ਲਾਈਟਾਂ ਵੀ ਬੰਦ ਸਨ ਜਿਸ ਕਾਰਨ ਰਾਤ ਸਮੇਂ ਹਾਦਸਾ ਹੋਣ ਦੀਆਂ ਸੰਭਾਵਨਾਵਾਂ ਵਧੇਰੇ ਵੱਧ ਗਈਆਂ | ਕਾਲੋਨੀ ਦੇ ਗੇਟ ਦੇ ਬਾਹਰ ਹਾਦਸੇ ਨੂੰ ਅੰਜਾਮ ਦੇ ਕੇ ਕਾਲੋਨੀ ਦੇ ਅੰਦਰ ਫਰਾਰ ਹੋਈ ਮਹਿੰਦਰਾ ਐਕਸ ਯੂ ਵੀ ਕਾਰ ਨੂੰ ਗੇਟ 'ਤੇ ਤਾਇਨਾਤ ਕਾਲੋਨੀ ਦੇ ਸੁਰੱਖਿਆ ਗਾਰਡਾਂ ਵਲੋਂ ਰੋਕਣ ਦੀ ਬਜਾਏ ਵਾਰਦਾਤ ਕਰ ਨੁਕਸਾਨੀ ਕਾਰ ਨੂੰ ਕਾਲੋਨੀ ਵਿੱਚ ਦਾਖਲ ਹੋਣ ਦਿੱਤਾ ਗਿਆ ਜਿਸ ਦਾ ਫਾਇਦਾ ਚੁੱਕਦੇ ਹੋਏ ਹਾਦਸੇ ਨੂੰ ਅੰਜਾਮ ਦੇਣ ਵਾਲੇ ਕਾਰ ਚਾਲਕ ਆਪਣੀ ਕਾਰ ਨੂੰ ਕਾਲੋਨੀ ਦੀ ਇਕ ਕੋਠੀ ਦੇ ਬਾਹਰ ਖੜ੍ਹੀ ਕਰਕੇ ਮੌਕੇ ਤੋਂ ਫਰਾਰ ਹੋ ਗਏ | ਮਾਮਲੇ ਦੀ ਜਾਂਚ 'ਚ ਜੁੱਟੀ ਲਾਂਬੜਾ ਪੁਲਿਸ ਵਲੋਂ ਬੀਤੀ ਰਾਤ ਡੇਢ ਘੰਟੇ ਦੀ ਮੁਸ਼ੱਕਤ ਦੇ ਬਾਅਦ ਹਾਦਸੇ ਨੂੰ ਅੰਜਾਮ ਦੇਣ ਵਾਲੀ ਮਹਿੰਦਰਾ ਐਕਸ. ਯੂ. ਵੀ. ਕਾਰ ਨੂੰ ਬਰਾਮਦ ਕਰ ਲਿਆ ਗਿਆ | ਵੀਰਵਾਰ ਦੁਪਹਿਰ ਲਾਂਬੜਾ ਪੁਲਿਸ ਵਲੋਂ ਕਾਰ ਚਾਲਕ ਦੀ ਭਾਲ 'ਚ ਐਲਡੀਗੋ ਕਾਲੋਨੀ ਦੀ ਕੋਠੀ ਜੋ ਕਿ ਉਕਤ ਡਾਕਟਰ ਪਤੀ-ਪਤਨੀ ਦੀ ਦੱਸੀ ਜਾ ਰਹੀ ਹੈ, 'ਤੇ ਰੇਡ ਕੀਤੀ ਗਈ ਜਿੱਥੋਂ ਕਿ ਪੁਲਿਸ ਨੂੰ ਖਾਲੀ ਹੱਥ ਹੀ ਵਾਪਸ ਪਰਤਣਾ ਪਿਆ ਅਤੇ ਦੇਰ ਰਾਤ ਤਕ ਹਾਦਸਾ ਵਾਪਰਨ ਤੋਂ 24 ਘੰਟੇ ਬਾਅਦ ਵੀ ਪੁਲਿਸ ਕਾਰ ਚਾਲਕ ਤੱਕ ਪਹੁੰਚਣ 'ਚ ਅਸਫਲ ਰਹੀ |